ਮਹਾਂਮਾਰੀ ਦੌਰਾਨ ਸਿਹਤ ਮੁਲਾਜ਼ਮਾਂ ਦਾ ਯੋਗਦਾਨ ਬਨਾਮ ਉਹਨਾਂ ਦਾ ਸ਼ੋਸਣ

0
40

“ਮਹਾਂਮਾਰੀ ਦੌਰਾਨ ਸਿਹਤ ਮੁਲਾਜ਼ਮਾਂ ਦਾ ਯੋਗਦਾਨ ਬਨਾਮ ਉਹਨਾਂ ਦਾ ਸ਼ੋਸਣ”
   

ਪਿਛਲੇ ਲੱਗਭਗ 6 ਮਹੀਨਿਆਂ ਤੋਂ ਕਰੋਨਾ ਵਾਇਰਸ ਦਾ ਕਹਿਰ ਸਾਰੇ ਸੰਸਾਰ ਵਿੱਚ ਚੱਲ ਰਿਹਾ ਹੈ। ਸ਼ਾਇਦ ਹੀ ਕੋਈ ਦੇਸ਼ ਹੀ ਇਸਤੋਂ ਅਛੂਤਾ ਰਿਹਾ ਹੋਵੇਗਾ। ਪੰਜਾਬ ਵਿੱਚ ਹੁਣ ਇਸਦੇ ਰੋਜ਼ਾਨਾ ਸੈਂਕੜੇ ਕੇਸ ਆ ਰਹੇ ਹਨ ਅਤੇ ਹਰ ਰੋਜ਼ ਹੀ ਮੌਤਾਂ ਹੋ ਰਹੀਆਂ ਹਨ।ਲੌਕ ਡਾਊਨ ਦੌਰਾਨ ਜਦੋਂ ਕੋਈ ਡਰਦਾ ਬਾਹਰ ਨਹੀਂ ਸੀ ਨਿਕਲਦਾ ਉਦੋਂ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਜਾਨ ਤਲੀ ਤੇ ਰੱਖਕੇ ਬਿਨਾਂ ਕਿਸੇ ਸੁਰੱਖਿਆ ਦੇ ਦਿਨ ਰਾਤ ਡਿਊਟੀਆਂ ਕੀਤੀਆਂ। ਵਿਦੇਸ਼ਾਂ ਤੋਂ ਆਏ ਲੋਕਾਂ ਨੂੰ ਟ੍ਰੇਸ ਕਰਕੇ ਉਹਨਾਂ ਦੀ ਹਿਸਟਰੀ ਲੈ ਕੇ ਉਹਨਾਂ ਨੂੰ ਘਰਾਂ ਵਿੱਚ ਏਕਾਂਤਵਾਸ ਕਰ ਕੇ ਉਹਨਾਂ ਦਾ ਰੋਜ਼ਾਨਾ ਫਾਲੋਅੱਪ ਕੀਤਾ ਜਾਂਦਾ ਸੀ। ਆਈਸੋਲੇਸ਼ਨ ਵਾਰਡਾਂ ਵਿੱਚ ਬਿਨਾਂ ਪੀ ਪੀ ਈ ਕਿੱਟ ਦੇ ਡਿਊਟੀਆਂ ਕੀਤੀਆਂ ਅਤੇ ਲੋਕਾਂ ਨੂੰ ਘਰ ਘਰ ਜਾ ਕੇ ਕਰੋਨਾ ਬਾਰੇ ਜਾਗਰੂਕ ਵੀ ਕੀਤਾ ਗਿਆ। ਅੱਜ ਤੱਕ ਵੀ ਇਹ ਡਿਊਟੀਆਂ ਜਾਰੀ ਹਨ। ਅੰਤਰਰਾਜੀ ਨਾਕਿਆਂ ਉਪਰ ਵੀ ਦਿਨ ਰਾਤ ਸਿਹਤ ਮੁਲਾਜ਼ਮਾਂ ਵੱਲੋਂ ਡਿਊਟੀਆਂ ਕੀਤੀਆਂ ਜਾ ਰਹੀਆਂ ਹਨ। ਜਦੋਂ ਕੋਈ ਵਿਅਕਤੀ ਕਰੋਨਾ ਪੋਜੇਟਿਵ ਆ ਜਾਂਦਾ ਹੈ ਤਾਂ ਉਸਨੂੰ ਸਿਹਤ ਮੁਲਾਜ਼ਮਾਂ ਦੁਆਰਾ ਆਈਸੋਲੇਸ਼ਨ ਵਾਰਡਾਂ ਤੱਕ ਪਹੁੰਚਾਇਆ ਅਤੇ ਫਿਰ ਉਹਨਾਂ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਸਰਵੇ ਕੀਤਾ ਜਾਂਦਾ ਹੈ। ੳੁਪਰੰਤ ਉਹਨਾਂ ਦੀ ਪਹਿਚਾਣ ਕਰਕੇ ਉਹਨਾਂ ਦੀ ਸੈਪਲਿੰਗ ਕਰਵਾਈ ਜਾਂਦੀ ਹੈ। ਇਹਨਾਂ ਡਿਊਟੀਆਂ ਤੋਂ ਇਲਾਵਾ ਅਪਣੀਆਂ ਹੋਰ ਡਿਊਟੀਆਂ ਜਿਵੇਂ ਡੇਂਗੂ ਮਲੇਰੀਆ ਬਾਰੇ ਜਾਗਰੂਕਤਾ, ਟੀਕਾਕਰਨ, ਜਨਮ ਮੌਤ ਰਜਿਸਟਰੇਸ਼ਨ ,ਬੀ ਐੱਲ ਓ ਡਿਊਟੀਆਂ ਵੀ ਕੀਤੀਆਂ ਜਾ ਰਹੀਆਂ ਹਨ। ਇਹਨਾਂ ਡਿਊਟੀਆਂ ਦੌਰਾਨ ਸਿਹਤ ਵਿਭਾਗ ਦੇ ਬਹੁਤ ਸਾਰੇ ਮੁਲਾਜ਼ਮ ਇਸ ਵਾਇਰਸ ਦਾ ਸ਼ਿਕਾਰ ਹੋ ਰਹੇ ਹਨ। ਕੁਝ ਮੁਲਾਜ਼ਮਾਂ ਨੂੰ ਇਸ ਵਾਇਰਸ ਕਾਰਨ ਜਾਨ ਤੋਂ ਹੱਥ ਵੀ ਧੋਣੇ ਪਏ ਹਨ। ਕਿਉਂਕਿ ਡਿਊਟੀ ਦੌਰਾਨ ਕੁਝ ਪਤਾ ਨਹੀਂ ਚੱਲਦਾ ਕਦੋਂ ਕੌਣ ਪੋਜੇਟਿਵ ਵਿਅਕਤੀ ਇਹਨਾਂ ਦੇ ਸੰਪਰਕ ਵਿੱਚ ਆ ਜਾਵੇ। ਐਨੀਆਂ ਮੁਸ਼ਕਿਲ ਭਰੀਆਂ ਡਿਊਟੀਆਂ ਹੋਣ ਦੇ ਬਾਵਜੂਦ ਵੀ ਇਹਨਾਂ ਸਿਰੜੀ ਯੋਧਿਆਂ ਨੇ  ਸਿਦਕ ਨਹੀਂ ਹਾਰਿਆ। ਨਿਗੂਣੀਆਂ ਤਨਖ਼ਾਹਾਂ ਦੇ ਬਾਵਜੂਦ ਵੀ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ। ਪਰ  ਸਰਕਾਰ ਵੱਲੋਂ ਇਹਨਾਂ ਮੁਲਾਜ਼ਮਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ।12-13 ਸਾਲਾਂ ਤੋਂ ਐੱਨ ਐੱਚ ਐੱਮ ਵਿੱਚ 2211 ਅਤੇ ਪੇਂਡੂ ਡਿਸਪੈਂਸਰੀਆਂ ਦੇ ਮੁਲਾਜ਼ਮ ਠੇਕੇ ਤੇ ਚੱਲ ਰਹੇ ਹਨ। ਨਵ ਨਿਯੁਕਤ1263 ਹੈਲਥ ਵਰਕਰ ਮੇਲ ਤਿੰਨ ਸਾਲ ਦੇ ਪਰੋਬੇਸ਼ਨ ਪੀਰੀਅਡ ਤੇ ਚੱਲ ਰਹੇ ਹਨ। ਇਹ ਸਾਰੇ ਮੁਲਾਜ਼ਮ ਨਿਗੂਣੀਆਂ ਤਨਖ਼ਾਹਾਂ ਤੇ ਅਪਣੀ ਜਾਨ ਜੋਖ਼ਮ ਵਿੱਚ ਪਾ ਕੇ ਡਿਊਟੀਆਂ ਕਰ ਰਹੇ ਹਨ। ਸਮੇਂ ਸਮੇਂ ਸਿਰ ਇਹਨਾਂ ਮੁਲਾਜ਼ਮਾਂ ਨੇ ਆਪਣੀਆਂ ਹੱਕੀ ਮੰਗਾਂ ਲਈ ਮੰਤਰੀਆਂ, ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਕਿ ਉਹਨੀ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕੀਤਾ ਜਾਵੇ। ਲੇਕਿਨ ਸਰਕਾਰ ਦੇ ਕੰਨਾਂ ਉਪਰ ਜੂੰ  ਵੀ ਨਹੀਂ ਸਰਕੀ। ਅੱਜ ਜਦੋਂ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਕਰੋਨਾ ਵਾਰੀਅਰਜ਼ ਨਾਲ ਸੰਬੋਧਨ ਕੀਤਾ ਜਾ ਰਿਹਾ ਉਦੋਂ ਪੰਜਾਬ ਸਰਕਾਰ ਇਹਨਾਂ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ। ਕਰੋਨਾ ਵਾਇਰਸ ਵਿਰੁੱਧ ਫਰੰਟ ਲਾਈਨ ਤੇ ਜੰਗ ਲੜ ਰਹੇ ਇਹ ਸਾਰੇ ਮੁਲਾਜ਼ਮ ਅਪਣੀਆਂ ਹੱਕੀ ਮੰਗਾਂ ਪੂਰੀਆਂ ਕਰਵਾਉਣ ਲਈ ਸੰਘਰਸ਼ ਕਰ ਰਹੇ। ਜਦੋਂ ਐਨੀ ਮਹਿੰਗਾਈ ਦਾ ਦੌਰ ਚੱਲ ਰਿਹਾ ਹੋਵੇ ਤਾਂ 10-12 ਹਜ਼ਾਰ ਰੁਪਏ ਨਾਲ ਕਿਸ ਤਰ੍ਹਾਂ ਗੁਜ਼ਾਰਾ ਹੋਵੇਗਾ ਇਹ ਸੋਚ ਪਾਉਣਾ ਵੀ ਮੁਸ਼ਕਲ ਹੈ। ਐਨੀਆਂ ਕੁ ਤਨਖਾਹਾਂ ਨਾਲ ਘਰ ਦਾ ਗੁਜ਼ਾਰਾ, ਬੱਚਿਆਂ ਦੀ ਪੜ੍ਹਾਈ, ਹੋਰ ਘਰੇਲੂ ਖਰਚੇ ਪੂਰੇ ਹੋਣੇ ਤਾਂ ਦੂਰ ਪੈਟਰੋਲ ਦਾ ਖ਼ਰਚਾ ਵੀ ਪੂਰਾ ਨਹੀਂ ਹੁੰਦਾ ਹੈ। ਹੈਲਥ ਇੰਪਲਾਈਜ ਯੂਨੀਅਨ ਦੀ ਅਗਵਾਈ ਹੇਠ ਮਲਟੀਪਰਪਜ ਹੈਲਥ ਵਰਕਰ ਮੇਲ ਅਤੇ ਫੀਮੇਲ ਵੱਲੋਂ ਹਰ ਰੋਜ਼ ਪੰਜ ਜਣਿਆਂ ਵੱਲੋਂ ਸਿਵਲ ਸਰਜਨ ਦਫ਼ਤਰਾਂ ਵਿਖੇ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਜੇਕਰ ਹਾਲੇ ਵੀ ਸਰਕਾਰ ਨੇ ਮੰਗਾਂ ਨਾਂ ਮੰਨੀਆਂ ਤੇ 7 ਅਗਸਤ ਨੂੰ ਇਹਨਾਂ ਮੁਲਾਜ਼ਮਾਂ ਵੱਲੋਂ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ । ਪੇਂਡੂ ਡਿਸਪੈਂਸਰੀਆਂ ਦੇ ਮੁਲਾਜ਼ਮ ਵੀ ਲਗਭਗ 40 ਦਿਨਾਂ ਤੋਂ ਧਰਨੇ ਤੇ ਬੈਠੇ ਹਨ। ਪੰਜਾਬ ਸਰਕਾਰ ਵੱਲੋਂ ਲਗਾਤਾਰ ਮੁਲਾਜ਼ਮਾਂ ਦਾ ਸ਼ੋਸਣ ਕੀਤਾ ਜਾ ਰਿਹਾ ਹੈ। ਹੁਣ ਸਰਕਾਰ ਨੇ ਮੋਬਾਈਲ ਫੋਨ ਭੱਤਾ ਵੀ ਘਟਾ ਦਿੱਤਾ ਹੈ। ਮੁਲਾਜ਼ਮਾਂ ਦਾ 250 ਰੁਪਏ ਫੋਨ ਭੱਤਾ ਵੀ ਸਰਕਾਰ ਨੂੰ ਜ਼ਿਆਦਾ ਲਗਿਆ ਜਦੋਂ ਕਿ ਆਪ ਮੰਤਰੀ ਅਤੇ ਵਿਧਾਇਕ ਹਰ ਮਹੀਨੇ 15000 ਫੋਨ ਭੱਤਾ ਲੈ ਰਹੇ ਹਨ। ਅੱਜ ਜਦੋਂ ਸਾਰੀਆਂ ਕੰਪਨੀਆਂ 200 ਰੁਪਏ ਮਹੀਨੇ ਵਿੱਚ ਅਨਲਿਮਟਿਡ ਕਾਲਿੰਗ ਅਤੇ 2 ਜੀ ਬੀ ਡਾਟਾ ਦੇ ਰਹੀਆਂ ਹਨ ਤਾਂ ਫਿਰ ਕਿਉਂ ਇਹਨਾਂ ਨੂੰ 15000 ਰੁਪਏ ਮਹੀਨਾ ਦਿੱਤਾ ਜਾ ਰਿਹਾ ਹੈ। ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਕਰੋਨਾ ਯੋਧਿਆਂ ਨੂੰ ਆਪਣੀਆਂ ਹੱਕੀ ਮੰਗਾਂ ਪੂਰੀਆਂ ਕਰਵਾਉਣ ਲਈ ਧਰਨੇ ਮੁਜ਼ਾਹਰੇ ਭੁੱਖ ਹੜਤਾਲਾਂ ਕਰਨੀਆਂ ਪੈ ਰਹੀਆਂ ਨੇ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੋਵਿਡ 19 ਦੌਰਾਨ ਜੋਖ਼ਮ ਭਰੀਆਂ ਸੇਵਾਵਾਂ ਦੇਣ ਬਦਲੇ ਸਾਲਾਂ ਤੋਂ ਠੇਕੇ ਤੇ ਚੱਲੇ ਆ ਰਹੇ ਮੁਲਾਜ਼ਮਾਂ ਨੂੰ ਪੱਕਾ ਕਰੇ। 1263 ਹੈਲਥ ਵਰਕਰਾਂ ਦਾ ਪਰੋਬੇਸ਼ਨ ਪੀਰੀਅਡ ਖਤਮ ਕਰਕੇ ਪੂਰੀਆਂ ਤਨਖਾਹਾਂ ਦਿੱਤੀਆਂ ਜਾਣ। ਰੈਗੂਲਰ ਸਿਹਤ ਸੁਪਰਵਾਈਜ਼ਰਾਂ, ਹੈਲਥ ਵਰਕਰਾਂ ਨੂੰ ਸਪੈਸ਼ਲ ਇੰਨਕਰੀਮੈੰਟ ਦਿੱਤਾ ਜਾਵੇ। ਤਾਂ ਕਿ ਸਿਹਤ ਵਿਭਾਗ ਦੀ ਸਾਰੇ ਮੁਲਾਜ਼ਮ ਅਪਣੀਆਂ ਡਿਊਟੀਆਂ ਹੋਰ ਤਨਦੇਹੀ ਨਾਲ ਕਰ ਸਕਣ। ਕਿਉਂਕਿ ਜਦੋਂ ਬੰਦੇ ਦੀਆਂ ਨਿਗੂਣੀਆਂ ਤਨਖ਼ਾਹਾਂ ਕਾਰਨ ਆਰਥਿਕ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਮਾਨਸਿਕ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਬਹੁਤ ਸਾਰੇ ਮੁਲਾਜ਼ਮ ਅਪਣੀਆਂ ਹੱਕੀ ਮੰਗਾਂ ਪੂਰੀਆਂ ਹੋਣ ਦੀਆਂ ਆਸ ਵਿੱਚ ਰੱਬ ਨੂੰ ਪਿਆਰੇ ਹੋ ਗਏ ਹਨ।   ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਲੱਗਭਗ ਸਾਰੇ ਪ੍ਰਾਈਵੇਟ ਹਸਪਤਾਲਾਂ ਨੇ ਆਪਣੇ ਦਰਵਾਜ਼ੇ ਮਰੀਜ਼ਾਂ ਲਈ ਬੰਦ ਕਰ ਦਿੱਤੇ ਸਨ ਤਾਂ ਉਦੋਂ ਸਿਹਤ ਵਿਭਾਗ ਦੇ ਇਹਨਾਂ ਮੁਲਾਜ਼ਮਾਂ ਵੱਲੋਂ ਅਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਲੋਕਾਂ ਨੂੰ ਸਿਹਤ ਸੇਵਾਵਾਂ ਦਿੱਤੀਆਂ।  ਮੰਤਰੀਆਂ ਵਿਧਾਇਕਾਂ ਆਈ ਏ ਐੱਸ ਅਫਸਰਾਂ ਨੂੰ ਚਾਹੀਦਾ ਹੈ ਉਹ ਦਫ਼ਤਰਾਂ ਵਿੱਚੋਂ ਬਾਹਰ ਨਿਕਲਣ ਅਤੇ ਵੇਖਣ ਕਿਵੇਂ ਇਹ ਮੁਲਾਜ਼ਮ ਨਿਗੂਣੀਆਂ ਤਨਖ਼ਾਹਾਂ ਤੇ ਜੋਖ਼ਮ ਭਰੀਆਂ ਸੇਵਾਵਾਂ ਦੇ ਰਹੇ ਹਨ। ਏ ਸੀ ਦਫ਼ਤਰਾਂ ਵਿੱਚ ਬੈਠ ਕੇ ਸਕੀਮਾਂ ਬਣਾਉਣੀਆਂ ਬਹੁਤ ਹੀ ਸੌਖੀਆਂ ਹਨ। ਇੱਕ ਪਾਸੇ ਕਰੋਨਾ ਵਾਇਰਸ ਅਤੇ ਹੋਰ ਮੌਸਮੀ ਬੀਮਾਰੀਆਂ ਨਾਲ ਦੂਜੇ ਪਾਸੇ ਅਪਣੀਆਂ ਮੰਗਾਂ ਲਈ ਸਰਕਾਰ ਨਾਲ ਸਿਹਤ ਮੁਲਾਜ਼ਮਾਂ ਨੂੰ ਦੂਹਰੇ ਮੁਹਾਜ਼ ਤੇ ਲੜਨਾ ਪੈ ਰਿਹਾ ਹੈ।  ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਪੂਰੀਆਂ ਕਰਵਾਉਣ ਲਈ ਸੰਘਰਸ਼ ਦਾ ਰਾਹ ਅਪਣਾਉਣਾ ਪੈ ਰਿਹਾ ਹੈ। ਸਰਕਾਰ ਨੂੰ ਚਾਹੀਦਾ ਸੀ ਕਿ ਉਹ ਮਹਾਂਮਾਰੀ ਦੌਰਾਨ ਨਿਭਾਈਆਂ ਸੇਵਾਵਾਂ ਦੇ ਬਦਲੇ ਇਹਨਾਂ ਦੀਆਂ ਮੰਗਾਂ ਨੂੰ ਮੰਨਦੀ। ਪਰ  ਸਿਹਤ ਮੰਤਰੀ ਪੰਜਾਬ ਵੱਲੋਂ ਵਾਰ ਵਾਰ ਮੰਗ ਪੱਤਰ ਲੈਣ ਦੇ ਬਾਵਜੂਦ ਕੋਈ ਹੂੰਗਾਰਾ ਨਹੀਂ ਭਰਿਆ ਜਾ ਰਿਹਾ। ਇਹਨਾਂ ਹਲਾਤਾਂ ਨੂੰ ਵੇਖਦੇ ਹੋਏ ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਅਪਣਾ ਸੰਘਰਸ਼ ਹੋਰ ਭਖਾਇਆ ਜਾ ਸਕਦਾ ਹੈ। ਹੁਣ ਮੁਲਾਜ਼ਮਾਂ ਵੱਲੋਂ ਰਿਪੋਰਟਾਂ ਦੇਣੀਆਂ ਬੰਦ ਕਰ ਦਿੱਤੀਆਂ ਹਨ। ਸਰਕਾਰ ਨਾਲ ਹੁਣ ਸਿਹਤ ਮੁਲਾਜ਼ਮ ਆਰ ਪਾਰ ਦੀ ਲੜਾਈ ਲੜਨ ਲਈ ਤਿਆਰ ਹਨ। ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਜੇਕਰ ਇਹਨਾਂ ਨੇ ਆਪਣੀਆਂ ਸੇਵਾਵਾਂ ਦੇਣੀਆਂ ਬੰਦ ਕਰ ਦਿੱਤੀਆਂ ਤਾਂ ਕੋਵਿਡ 19 ਦੌਰਾਨ ਕੀ ਹਾਲਾਤ ਬਣਨਗੇ। ਇਸ ਲਈ ਬੁਰੇ ਹਾਲਾਤਾਂ ਦਾ ਸਾਹਮਣਾ ਕਰਨ ਤੋਂ ਪਹਿਲਾਂ ਹੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਬਣਦੇ ਹੱਕ ਦੇਵੇ ਅਤੇ ਮੁਲਾਜ਼ਮ ਪੂਰੀ ਤਨਦੇਹੀ ਨਾਲ ਡਿਊਟੀ ਨਿਭਾ ਸਕਣ।
ਸੰਪਰਕ : ਰਾਜਿੰਦਰ ਸਿੰਘ ਝੁਨੀਰ

LEAVE A REPLY

Please enter your comment!
Please enter your name here