ਬੁਢਲਾਡਾ 28 ਜੁਲਾਈ (ਸਾਰਾ ਯਹਾਂ/ਅਮਨ ਮਹਿਤਾ) : ਸਿਹਤ ਵਿਭਾਗ ਦੀਆਂ ਹਦਾਇਤਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਬੁੱਢਲਾਡਾ ਡਾ. ਗੁਰਚੇਤਨ ਪ੍ਰਕਾਸ਼ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਮਲੇਰੀਆ ਬੁਖਾਰ ਨੂੰ ਖ਼ਤਮ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਤਹਿਤ ਪਿੰਡ ਬੁਢਲਾਡਾ ਵਿਖੇ ਮਲੇਰੀਆ ਪੋਜਟਿਵ ਕੇਸ ਦੇ ਮਰੀਜ਼ਾਂ ਦੇ ਘਰਾਂ ਅਤੇ ਆਲੇ-ਦੁਆਲੇ ਘਰਾਂ ਵਿੱਚ ਸਰਵੇ ਅਤੇ ਸਪਰੇਅ ਕਰਵਾਈ ਗਈ। ਮਲੇਰੀਆ ਪੋਜਟਿਵ ਕੇਸ ਦੇ ਘਰਾਂ ਅਤੇ ਆਲੇ-ਦੁਆਲੇ ਘਰਾਂ ਦੀਆਂ ਕੰਨਟੇਕਟ ਤੇ ਮਾਸ ਸਲਾਈਡਾਂ ਬਣਾਈਆਂ।ਸਿਹਤ ਸੁਪਰਵਾਈਜ਼ਰ ਸੰਜੀਵ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਜਿੱਥੇ ਕੋਰੋਨਾ ਵਾਇਰਸ ਵਿਰੁੱਧ ਲੜਾਈ ਲੜ ਰਿਹਾ ਹੈ, ਉੱਥੇ ਮਲੇਰੀਆ ਬੁਖ਼ਾਰ ਨੂੰ ਖਤਮ ਕਰਨ ਲਈ ਯਤਨਸ਼ੀਲ ਹੈ। ਸਿਹਤ ਕਰਮਚਾਰੀ ਮੰਗਲ ਸਿੰਘ, ਨਵਦੀਪ ਕਾਠ, ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਮਲੇਰੀਆ ਮਾਦਾ ਐਨਾਫ਼ਲੀਜ ਨਾਮੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਤੇ ਇਹ ਮੱਛਰ ਕੇਵਲ ਰਾਤ ਸਮੇਂ ਕੱਟਦਾ ਹੈ। ਉਨ੍ਹਾਂ ਦੱਸਿਆ ਕਿ ਘਰਾਂ ਦੇ ਆਲੇ-ਦੁਆਲੇ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ ਅਤੇ ਕੂਲਰਾਂ ਦਾ ਪਾਣੀ, ਫਰਿੱਜ ਦੀਆਂ ਟਰੇਅ ਹਫ਼ਤੇ ਅੰਦਰ ਇੱਕ ਵਾਰ ਜਰੂਰ ਬਦਲਿਆ ਜਾਵੇ ਤਾਂ ਜੋ ਮੱਛਰ ਪੈਦਾ ਹੋਣ ਤੋਂ ਰੋਕਿਆ ਜਾ ਸਕੇ। ਮੱਛਰ ਤੋਂ ਬਚਾਅ ਲਈ ਪੂਰੀ ਬਾਹਵਾਂ ਦੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਘਰਾਂ ਵਿੱਚ ਵਾਧੂ ਕਬਾੜ, ਖਾਸ ਤੌਰ ਤੇ ਟੁੱਟੇ ਬਰਤਨ, ਟਾਇਰ ਆਦਿ ਇੱਕਠੇ ਨਹੀਂ ਹੋਣ ਦੇਣੇ ਚਾਹੀਦੇ ਅਤੇ ਹਰ ਸ਼ੁੱਕਰਵਾਰ ਨੂੰ ਡਰਾਈ ਡੇ ਮਨਾਇਆ ਜਾਣਾ ਚਾਹੀਦਾ ਹੈ। ਬੁਖ਼ਾਰ ਹੋਣ ਤੇ ਤੁਰੰਤ ਸਿਹਤ ਕੇਂਦਰ ਵਿਖੇ ਚੈੱਕ ਅੱਪ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਸਪਰੇਅ ਕਰਨ ਵਾਲਿਆਂ ਵਿੱਚ ਹਰਜਿੰਦਰ ਸਿੰਘ, ਜੀਵਨ ਕੁਮਾਰ ਹਾਜ਼ਰ ਸਨ।