ਬੁਢਲਾਡਾ 27 ਜੂਨ (ਸਾਰਾ ਯਹਾਂ/ ਅਮਨ ਮਹਿਤਾ ): ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਚੇਤਨ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੁਢਲਾਡਾ ਵਿੱਚ ਮਲੇਰੀਆ ਜਾਗਰੂਕਤਾ ਸਬੰਧੀ ਗਤੀਵਿਧੀਆਂ ਨਿਰੰਤਰ ਜਾਰੀ ਹਨ। ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਵਾਰਡ ਨੰ 9 ‘ਚ ਘਰ ਘਰ ਜਾਕੇ ਲੋਕਾਂ ਨੂੰ ਇਨ੍ਹਾਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸਿਹਤ ਸੁਪਰਵਾਈਜਰ ਸੰਜੀਵ ਕੁਮਾਰ ਨੇ ਦੱਸਿਆ ਕਿ ਮੱਛਰ ਖੜ੍ਹੇ ਪਾਣੀ ਵਿੱਚ ਆਪਣੇ ਅੰਡੇ ਦਿੰਦਾ ਹੈ, ਇਸ ਤਰ੍ਹਾਂ ਪਾਣੀ ਨੂੰ ਖੜਾ ਨਾ ਹੋਣ ਦਿਤਾ ਜਾਵੇ ਕੂਲਰ, ਫਰਿਜ, ਗਮਲਿਆਂ, ਡਰੱਮ, ਟੁੱਟੇ ਭੱਜੇ ਭਾਂਡੇ, ਖਰਾਬ ਟਾਇਰ ਆਦਿ ਵਿੱਚ ਵੀ ਮੱਛਰ ਜਿਆਦਾ ਪਨਪਦੇ ਹਨ, ਇਸ ਲਈ ਹਰ ਸੁੱਕਰਵਾਰ ਨੂੰ ਡਰਾਈ ਡੇਅ ਤਹਿਤ ਸਾਫ ਸਫਾਈ ਕਰਨੀ ਚਾਹੀਦੀ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਸਿਹਤ ਕਰਮਚਾਰੀਆਂ ਨੇ ਦੱਸਿਆ ਕਿ ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ ਇਸਦੇ ਮੁੱਖ ਲੱਛਣਾਂ ਬਾਰੇ ਦੱਸਦੇ ਹੋਏ ਕਿਹਾ ਕਿ ਵਿਅਕਤੀ ਨੂੰ ਤੇਜ ਬੁਖਾਰ ਹੋਣਾ, ਕਾਂਬਾ ਲੱਗਣਾ, ਪਸੀਨਾ ਆਉਣਾ, ਤੇਜ ਸਿਰਦਰਦ, ਥਕਾਵਟ ਮਹਿਸੂਸ ਹੋਣਾ ਆਦਿ ਹਨ। ਜੇਕਰ ਕਿਸੇ ਵਿਅਕਤੀ ਨੂੰ ਉਕਤ ਲੱਛਣ ਦਿਖਾਈ ਦਿੰਦੇ ਹਨ ਤਾਂ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਪਹੁੰਚ ਕੇ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਮਲੇਰੀਆ ਦੀ ਜਾਂਚ ਤੇ ਇਲਾਜ ਮੁਫਤ ਕੀਤਾ ਜਾਂਦਾ ਹੈ। ਸਿਹਤ ਕਰਮਚਾਰੀ ਮੰਗਲ ਸਿੰਘ, ਹਰਪ੍ਰੀਤ ਸਿੰਘ, ਜਗਸੀਰ ਸਿੰਘ ਅਤੇ ਅਮਨਦੀਪ ਸਿੰਘ ਆਦਿ ਹਾਜਰ ਸਨ।