ਮਾਨਸਾ, 18 ਜੂਨ (ਸਾਰਾ ਯਹਾਂ/ਚਾਨਣ ਦੀਪ ਸਿੰਘ ਔਲਖ ) ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਜ਼ਿਲ੍ਹਾ ਮਾਨਸਾ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਮਾਨਸਾ ਵਿਖੇ ਗੁਰਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਪਿਛਲੇ ਦਿਨੀਂ ਮਲਟੀਪਰਪਜ ਕੇਡਰ ਦੀਆਂ ਹੋਈਆਂ ਬਦਲੀਆਂ ਬਾਰੇ ਚਰਚਾ ਕੀਤੀ ਗਈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ ਸੈਂਟਰ ਬੁਰਜ ਢਿੱਲਵਾਂ ਵਿਖੇ ਤੈਨਾਤ ਸਿਹਤ ਕਰਮਚਾਰੀ ਨਿਰਮਲ ਸਿੰਘ ਦੀ ਬਦਲੀ ਸਬ ਸੈਂਟਰ ਹਾਕਮ ਸਿੰਘ ਵਾਲਾ ਵਿਖੇ ਕਰ ਦਿੱਤੀ ਗਈ ਹੈ ਅਤੇ ਸਬ ਸੈਂਟਰ ਹਾਕਮ ਸਿੰਘ ਵਾਲਾ ਵਿਖੇ ਤੈਨਾਤ ਸਿਹਤ ਕਰਮਚਾਰੀ ਕੁਲਦੀਪ ਸਿੰਘ ਦੀ ਬਦਲੀ ਸਬ ਸੈਂਟਰ ਬੁਰਜ ਢਿੱਲਵਾਂ ਕਰ ਦਿੱਤੀ ਹੈ। ਜਦੋਂ ਕਿ ਇਨ੍ਹਾਂ ਦੋਵਾਂ ਸਿਹਤ ਕਰਮਚਾਰੀਆਂ ਨੇ ਇਸ ਸਬੰਧੀ ਕੋਈ ਬੇਨਤੀ ਨਹੀਂ ਕੀਤੀ ਸੀ। ਕੁਲਦੀਪ ਸਿੰਘ ਨੇ ਸਿਰਫ ਆਰਜ਼ੀ ਡਿਊਟੀ ਲਈ ਅਪਲਾਈ ਕੀਤਾ ਹੋਇਆ ਸੀ। ਦੋਵਾਂ ਸਿਹਤ ਕਰਮਚਾਰੀਆਂ ਨੇ ਯੂਨੀਅਨ ਦੇ ਨੁਮਾਇੰਦਿਆਂ ਨਾਲ ਬੈਠ ਕੇ ਇਨ੍ਹਾਂ ਬਦਲੀਆਂ ਨੂੰ ਰੱਦ ਕਰਨ ਬਾਰੇ ਬੇਨਤੀ ਪੱਤਰ ਲਿਖ ਦਿਤੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਹੋਰ ਥਾਵਾਂ ਤੇ ਵੀ ਇਸ ਤਰ੍ਹਾਂ ਦੀਆਂ ਨਜਾਇਜ਼ ਬਦਲੀਆਂ ਹੋਈਆਂ ਹਨ। ਸਟੇਟ ਕਮੇਟੀ ਨੇ ਇਸ ਸਬੰਧੀ ਸਖ਼ਤ ਨੋਟਿਸ ਲਿਆ ਹੈ ਅਤੇ ਡਾਇਰੈਕਟਰ ਦਫ਼ਤਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਬਦਲੀਆਂ ਨੂੰ ਤੁਰੰਤ ਪ੍ਰਭਾਵ ਰੱਦ ਕੀਤਾ ਜਾਵੇ ਨਾਲ ਦੀ ਨਾਲ ਉਨ੍ਹਾਂ ਵਿਭਾਗ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਇਹ ਬਦਲੀਆਂ ਰੱਦ ਨਾ ਹੋਈਆਂ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੀਟਿੰਗ ਵਿੱਚ ਪਿਛਲੇ ਦਿਨੀਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਇੱਕ ਫੀਮੇਲ ਸਿਹਤ ਕਰਮਚਾਰੀ ਨੂੰ ਬੋਲੀ ਅਸਭਿਅਕ ਭਾਸ਼ਾ ਦੀ ਵੀ ਨਿਖੇਧੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਕਿਸੇ ਤਰ੍ਹਾਂ ਦੀ ਵੀ ਚੈਕਿੰਗ ਦਾ ਸਿਹਤ ਮੁਲਾਜ਼ਮ ਸਵਾਗਤ ਕਰਦੇ ਹਨ। ਪਰ ਉਸ ਸਮੇਂ ਵਿਭਾਗ ਦੇ ਕਿਸੇ ਅਧਿਕਾਰੀ ਨੂੰ ਲਾਜ਼ਮੀ ਨਾਲ ਲਿਆ ਜਾਵੇ ਜਿਸ ਨੂੰ ਮੁਲਾਜ਼ਮ ਦੇ ਡਿਊਟੀ ਸ਼ਡਿਊਲਡ ਅਤੇ ਕੰਮਾਂ ਬਾਰੇ ਸਮਝ ਹੋਵੇ। ਬਿਨਾਂ ਕੁਝ ਜਾਣੇ ਕਿਸੇ ਮੁਲਜ਼ਮ ਨੂੰ ਮਾੜੇ ਸ਼ਬਦ ਬੋਲਣਾ ਅਤੇ ਵੀਡੀਓ ਬਣਾ ਕੇ ਤਮਾਸ਼ਾ ਬਣਾਉਣਾ ਬਰਦਾਸ਼ਤ ਨਹੀਂ ਕੀਤੀ ਜਾਵੇਗਾ। ਇਸ ਮੌਕੇ ਮੁਲਾਜ਼ਮ ਆਗੂ ਜਗਦੀਸ਼ ਸਿੰਘ, ਸੁਖਪਾਲ ਸਿੰਘ, ਚਾਨਣ ਦੀਪ ਸਿੰਘ, ਮਲਕੀਤ ਸਿੰਘ, ਨਿਰਮਲ ਸਿੰਘ, ਕੁਲਦੀਪ ਸਿੰਘ , ਤਰਲੋਕ ਸਿੰਘ, ਕਰਮ ਸਿੰਘ, ਰਵਿੰਦਰ ਸਿੰਘ, ਹੇਮ ਰਾਜ, ਅਮਨਦੀਪ ਸਿੰਘ , ਬਾਲ ਕ੍ਰਿਸ਼ਨ, ਜੀਵਨ ਸਿੰਘ ਆਦਿ ਹਾਜ਼ਰ ਸਨ।