
ਮਾਨਸਾ, 29 ਮਈ:- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। 29 ਮਈ ਦੀ ਸ਼ਾਮ ਨੂੰ ਹੀ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਛੇ ਸ਼ੂਟਰਾਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਗੈਂਗਸਟਰ ਲਾਰੈਂਸ ਦੇ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਇਸ ਸਾਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਸੀ। ਜਿਸ ‘ਚ ਲਾਰੈਂਸ ਦੇ ਭਰਾ ਅਨਮੋਲ ਅਤੇ ਭਤੀਜੇ ਸਚਿਨ ਥਾਪਨ ਵੀ ਸ਼ਾਮਲ ਸਨ।
ਮੂਸੇਵਾਲਾ ਦੀ ਪਹਿਲੀ ਬਰਸੀ ਨੂੰ ਲੈ ਕੇ ਪਿੰਡ ਮੂਸਾ ਦੇ ਗੁਰਦੁਆਰਾ ਸਾਹਿਬ ‘ਚ ਪਾਠ ਦੇ ਭੋਗ ਪਾਇਆ ਜਾਵੇਗਾ। ਇਸ ਨਾਲ ਹੀ ਮੂਸੇਵਾਲਾ ਦੀ ਯਾਦ ਚ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਦੇ ਲਈ ਮਾਨਸਾ ਦੇ ਗੁਰਦੁਆਰਾ ਚੌਕ ਤੋਂ ਬੱਸ ਅੱਡਾ ਚੌਕ ਤੱਕ ਰੋਸ ਮਾਰਚ ਵੀ ਕੱਢਿਆ ਜਾਵੇਗਾ।
ਬੀਤੇ ਦਿਨ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਪਿੰਡ ਜਵਾਹਰਕੇ ਪਹੁੰਚੀ ਜਿੱਥੇ ਮੂਸੇਵਾਲਾ ਦਾ ਕਤਲ ਹੋਇਆ ਸੀ। ਉੱਥੇ ਪਹੁੰਚ ਕੇ ਮਾਤਾ ਚਰਨ ਕੌਰ ਨੇ ਮੱਥਾ ਟੇਕ ਕੇ ਆਪਣੇ ਪੁੱਤਰ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਅਜੇ ਤੱਕ ਵੀ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ।
