ਚੰਡੀਗੜ੍ਹ 30,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼): ਮਨੀ ਲਾਂਡਰਿੰਗ ਮਾਮਲੇ ਵਿਚ ਸਾਬਕਾ CM ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਹੁਣ 2 ਮਈ ਨੂੰ ਹੋਵੇਗੀ।ਈ. ਡੀ. ਵੱਲੋਂ ਹਨੀ ਖਿਲਾਫ਼ 3 ਅਪ੍ਰੈਲ ਨੂੰ ਜਲੰਧਰ ਕੋਰਟ ਵਿਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਚਾਰਜਸ਼ੀਟ ਦਾਇਰ ਕਰਨ ਤੋਂ ਬਾਅਦ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਹਨੀ ਨੂੰ 6 ਅਪ੍ਰੈਲ ਕੋਰਟ ਵਿਚ ਪੇਸ਼ ਕੀਤਾ ਸੀ, ਜਿਸ ਦੌਰਾਨ ਅਦਾਲਤ ਨੇ ਹਨੀ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਅੱਜ ਜੁਡੀਸ਼ੀਅਲ ਕਸਟਡੀ ਦਾ ਸਮਾਂ ਪੂਰਾ ਹੋਣ ‘ਤੇ ਹਨੀ ਨੂੰ ਦੋਬਾਰਾ ਕੋਰਟ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ।
ਈ. ਡੀ. ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ 18 ਜਨਵਰੀ ਨੂੰ ਹਨੀ ਤੇ ਹੋਰਨਾਂ ਖ਼ਿਲਾਫ਼ 10 ਜਗ੍ਹਾ ‘ਤੇ ਛਾਪੇਮਾਰੀ ਕੀਤੀ ਸੀ। ਈ. ਡੀ. ਨੇ ਹਨੀ ਦੇ ਕੰਪਲੈਕਸ ਤੋਂ ਕਰੀਬ 7.9 ਕਰੋੜ ਰੁਪਏ ਨਕਦੀ ਅਤੇ ਉਸ ਦੇ ਇਕ ਸਹਿਯੋਗੀ ਸੰਦੀਪ ਕੁਮਾਰ ਕੋਲੋਂ 2 ਕਰੋੜ ਰੁਪਏ ਨਕਦੀ ਜ਼ਬਤ ਕੀਤੀ ਸੀ। ਇਸ ਮਾਮਲੇ ਵਿੱਚ ਦਰਜ ਐੱਫ਼. ਆਈ. ਆਰ. ਮੁਤਾਬਕ ਈ. ਡੀ. ਨੇ ਕਿਹਾ ਹੈ ਕਿ ਪੰਜਾਬ ਵਿੱਚ ਮਲਿਕਪੁਰ ਤੋਂ ਇਲਾਵਾ ਬੁਰਜਟਾਹਲ ਦਾਸ, ਬਰਸਾਲ, ਲੇਲੇਵਾਲ, ਮੰਡਲਾ ਅਤੇ ਖੋਸਾ ਵਿੱਚ ਵੀ ਗ਼ੈਰ-ਕਾਨੂੰਨੀ ਮਾਈਨਿੰਗ ਹੋ ਰਹੀ ਸੀ।