ਮਾਨਸਾ 2 ਜੁਲਾਈ (ਸਾਰਾ ਯਹਾ/ ਬਪਸ): ਹਲਕਾ ਸਰਦੂਲਗੜ੍ਹ ਦੇ ਪਿੰਡ ਜਟਾਣਾ ਕਲਾਂ ਵਿੱਚ ਮਨਰੇਗਾ ਮਜਦੂਰਾਂ ਨੇ ਮਨਰੇਗਾ ਦੇ ਕੰਮ ਵਿੱਚ ਹੇਰਫੇਰ ਕਰਨ ਦੋਸ਼ ਲਗਾਉਦਿਆ ਜਾਂਚ ਦੀ ਮੰਗ ਕੀਤੀ ਹੈ।ਮਨਰੇਗਾ ਮਜਦੂਰ ਤੇ ਬਸਪਾ ਆਗੂ ਅੰਗਰੇਜ ਸਿੰਘ ਜਟਾਣਾ, ਗੁਰਵਿੰਦਰ ਸਿੰਘ , ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਜਗਜੀਤ ਸਿੰਘ, ਗੁਰਚਰਨ ਸਿੰਘ ਆਦਿ ਨੇ ਅਡੀਸ਼ਨਲ ਡਿਪਟੀ ਕਮਿਸ਼ਨਰ ਮਾਨਸਾ ਨੂੰ ਦਿਤੇ ਮੰਗ ਪੱਤਰ ਵਿੱਚ ਪਿੰਡ ਦੀ ਪੰਚਾਇਤ ਤੇ ਦੋਸ਼ ਲਗਾਏ ਹਨ ਕਿ ਪੰਚਾਇਤ ਦੀ ਮਿਲੀਭੁਗਤ ਨਾਲ ਮਨਰੇਗਾ ਫੰਡਾਂ ਚ ਬਹੁਤ ਵੱਡਾ ਘਪਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਮਨਰੇਗਾ ਦੇ ਜਾਅਲੀ ਜੋਬ ਕਾਰਡ ਬਣਾ ਕੇ ਬਿਨਾ ਮਨਰੇਗਾ ਵਿੱਚ ਕੰਮ ਕੀਤਿਆਂ ਹਾਜਰੀਆਂ ਲਗਵਾ ਕੇ ਹਜਾਰਾਂ ਰੁਪਏ ਉਨ੍ਹਾਂ ਦੇ ਖਾਤਿਆਂ ਵਿੱਚ ਪਵਾ ਰਹੀ ਹੈ। ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲਾਗਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਸਰਕਾਰੀ ਖਜ਼ਾਨੇ ਵਿੱਚੋ ਨਜਾਇਜ ਤਰੀਕੇ ਨਾਲ ਕਢਵਾਇਆ ਪੈਸਾ ਵਾਪਸ ਲਿਆ ਜਾਵੇ। ਇਸ ਸਬੰਧੀ ਏਡੀਸੀ ਮਾਨਸਾ ਅਮਰਪ੍ਰੀਤ ਕੌਰ ਸੰਧੂ ਦਾ ਕਹਿਣਾ ਹੈ ਕਿ ਸਬੰਧਤ ਬੀਡੀਪੀਓ ਤੋਂ ਸਾਰੀ ਜਾਣਕਾਰੀ ਮੰਗੀ ਗਈ ਹੈ ਜਾਂਚ ਪੜਤਾਲ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਸਬੰਧੀ ਪਿੰਡ ਦੇ ਸਰਪੰਚ ਜਗਸੀਰ ਸਿੰਘ ਦਾ ਕਹਿਣਾ ਹੈ ਕਿ ਪੰਚਾਇਤ ਤੇ ਲਗਾਏ ਗਏ ਦੋਸ਼ ਬੇਬੁਨਿਆਦ ਅਤੇ ਝੂਠੇ ਹਨ ਉਨ੍ਹਾਂ ਕਿਸੇ ਵੀ ਕੰਮ ਵਿੱਚ ਕੋਈ ਹੇਰਾ ਫੇਰੀ ਨਹੀਂ ਕੀਤੀ।