ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡਾ ਫਾਰਮਾਸਿਊਟੀਕਲ ਪਾਰਕ ਲਈ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨਾਲ ਮੁਲਾਕਾਤ

0
17

ਚੰਡੀਗੜ੍ਹ, 24 ਦਸੰਬਰ  (ਸਾਰਾ ਯਹਾ / ਮੁੱਖ ਸੰਪਾਦਕ) : ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਰਸਾਇਣ ਤੇ ਖਾਦ ਬਾਰੇ ਕੇਂਦਰੀ ਰਾਜ ਮੰਤਰੀ ਸ੍ਰੀ ਮਨਸੁਖ ਮੰਡਾਵੀਆ ਨਾਲ ਮੁਲਾਕਾਤ ਕਰਕੇ ਬਠਿੰਡਾ ਵਿੱਚ ਫਾਰਮਾਸਿਊਟੀਕਲ ਪਾਰਕ ਸਥਾਪਤ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਬਠਿੰਡਾ ਵਿੱਚ ਜਗ੍ਹਾ ਦਾ ਦੌਰਾ ਕਰਨ ਲਈ ਟੀਮ ਭੇਜਣ ਦੀ ਵੀ ਅਪੀਲ ਕੀਤੀ।
       ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਸਾਲ ਜੁਲਾਈ ਵਿੱਚ ਵਿੱਤ ਮੰਤਰੀ ਨੇ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਸ੍ਰੀ ਡੀ.ਵੀ. ਸਦਾਨੰਦ ਗੌੜਾ ਅਤੇ ਕੇਂਦਰੀ ਰਾਜ ਮੰਤਰੀ ਸ੍ਰੀ ਮਨਸੁਖ ਮਾਂਡਵੀਆ ਨਾਲ ਮੁਲਾਕਾਤ ਕਰਕੇ ਫਾਰਮਾਸਿਊਟੀਕਲ ਪਾਰਕ ਦੀ ਸਥਾਪਨਾ ਲਈ ਪੰਜਾਬ ਦਾ ਕੇਸ ਇਨ੍ਹਾਂ ਦੋਵਾਂ ਸਾਹਮਣੇ ਰੱਖਿਆ ਸੀ। 
       ਵਿੱਤ ਮੰਤਰੀ ਨੇ ਮੁੁਲਕ ਵਿੱਚ ਕੌਮੀ ਪੱਧਰ ’ਤੇ ਮਨਜ਼ੂਰ ਕੀਤੇ ਤਿੰਨ ਫਾਰਮਾਸਿਊਟੀਕਲ ਪਾਰਕਾਂ ਵਿੱਚ ਇਕ ਪਾਰਕ ਨੂੰ ਬਠਿੰਡਾ ਵਿਖੇ ਸਥਾਪਤ ਕੀਤੇ ਜਾਣ ਦੀ ਅਹਿਮੀਅਤ ਨੂੰ ਦਰਸਾਇਆ। ਉਨ੍ਹਾਂ ਦੱਸਿਆ ਕਿ ਇਸ ਫਾਰਮਾਸਿਊਟੀਕਲ ਪਾਰਕ ਨੂੰ ਬਠਿੰਡਾ ਵਿੱਚ ਤੇਲ ਰਿਫਾਇਨਰੀ ਹੋਣ ਦਾ ਬਹੁਤ ਵੱਡਾ ਲਾਭ ਪਹੁੰਚੇਗਾ ਅਤੇ ਇਹ ਦੋਵੇਂ ਪ੍ਰਾਜੈਕਟ ਇਕ ਦੂਜੇ ਦੇ ਪੂਰਕ ਹੋਣਗੇ ਕਿਉਂਕਿ ਇਨ੍ਹਾਂ ਵੱਲੋਂ ਆਪਸ ਵਿੱਚ ਕੱਚਾ ਮਾਲ ਅਤੇ ਸਬੰਧਤ ਉਤਪਾਦਾਂ ਨੂੰ ਸਾਂਝਾ ਕੀਤਾ ਜਾ ਸਕੇਗਾ। ਉੱਤਰੀ ਭਾਰਤ ਵਿੱਚ ਬਠਿੰਡਾ, ਸਭ ਤੋਂ ਢੁਕਵੀਂ ਥਾਂ ਹੈ ਅਤੇ ਇਹ ਫਾਰਮਾ ਪਾਰਕ ਪੰਜਾਬ, ਹਰਿਆਣਾ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਉਤਰਾਖੰਡ, ਜੰਮੂ-ਕਸ਼ਮੀਰ ਅਤੇ ਲੱਦਾਖ ਸਮੇਤ ਸਮੁੱਚੇ ਖਿੱਤੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹੈ।
       ਵਿੱਤ ਮੰਤਰੀ ਸ. ਬਾਦਲ ਨੇ ਦੱਸਿਆ ਕਿ ਬਠਿੰਡਾ ਵਿੱਚ 1300 ਏਕੜ ਜ਼ਮੀਨ ਉਪਲੱਬਧ ਹੈ, ਜੋ ਬਠਿੰਡਾ ਥਰਮਲ ਪਲਾਂਟ ਦੀ ਖਾਲ੍ਹੀ ਪਈ ਜ਼ਮੀਨ ਹੈ। ਇਸ ਤੋਂ ਇਲਾਵਾ ਬਠਿੰਡਾ ਵਿੱਚ ਰੇਲਵੇ ਜੰਕਸ਼ਨ ਪੂਰੀ ਤਰ੍ਹਾਂ ਕਾਰਜਸ਼ੀਲ ਹੈ, ਜੋ ‘ਏ’ ਕੈਟਾਗਰੀ ਦਾ ਸਟੇਸ਼ਨ ਹੈ। ਇਹ ਰੇਲਵੇ ਸਟੇਸ਼ਨ ਬੁਨਿਆਦੀ ਢਾਂਚੇ ਅਤੇ ਕੱਚੇ ਮਾਲ ਦੀ ਸਪਲਾਈ ਤੇ ਤਿਆਰ ਹੋਈਆਂ ਵਸਤਾਂ ਦੀ ਢੋਆ-ਢੋਆਈ ਲਈ ਅਹਿਮ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੀਆਂ ਸਹੂਲਤਾਂ ਮੌਜੂਦ ਹੋਣ ਕਾਰਨ ਫਾਰਮਾ ਕੰਪਨੀਆਂ ਲਈ ਆਪਣਾ ਕਾਰੋਬਾਰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕਰਨਾ ਸੌਖਾਲਾ ਹੋ ਜਾਵੇਗਾ।
       ਸਨ ਫਾਰਮਾ, ਸੈਂਟੀਅੰਟ ਅਤੇ ਆਈ.ਓ.ਐਲ. ਕੈਮੀਕਲਜ਼ ਵਰਗੀਆਂ ਯੂ.ਐਸ.ਐਫ.ਡੀ.ਏ. ਤੋਂ ਪ੍ਰਵਾਨਿਤ ਫਾਰਮਾਸਿਊਟੀਕਲ ਕੰਪਨੀਆਂ ਦੀ ਮੌਜੂਦਗੀ ਅਤੇ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਂਡ ਰਿਸਰਚ (ਨਾਈਪਰ), ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈਸਰ) ਮੁਹਾਲੀ, ਇੰਸਟੀਚਿਊਟ ਆਫ ਮਾਈਕ੍ਰੋਬਾਇਲ ਰਿਸਚਰਚ (ਇਮਟੈੱਕ), ਇੰਸਟੀਚਿਊਟ ਆਫ ਨੈਨੋ ਟੈਕਨਾਲੋਜੀ (ਆਈ.ਐਨ.ਐਸ.ਟੀ.) ਮੁਹਾਲੀ ਅਤੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਜ਼) ਬਠਿੰਡਾ ਦੇ ਰੂਪ ਵਿੱਚ ਆਲ੍ਹਾ ਦਰਜੇ ਦੀ ਖੋਜ ਤੇ ਵਿਕਾਸ ਪ੍ਰਣਾਲੀ ਮੌਜੂਦ ਹੋਣ ਕਰਕੇ ਪ੍ਰਸਤਾਵਿਤ ਬਠਿੰਡਾ ਫਾਰਮਾ ਪਾਰਕ ਲਈ ਲਾਭਕਾਰੀ ਹੋ ਸਕਦੇ ਹਨ।
       ਵਿੱਤ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਪੰਜਾਬ ਨੂੰ ਬਠਿੰਡਾ ਥਰਮਲ ਪਲਾਂਟ ਦੇ ਰੂਪ ਵਿੱਚ ਤੋਹਫਾ ਦਿੱਤਾ ਗਿਆ ਸੀ। ਇਸ ਵੇਲੇ ਸਮੁੱਚਾ ਮੁਲਕ ਗੁਰੂ ਸਾਹਿਬ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਿਹਾ ਹੈ ਅਤੇ ਜੇਕਰ ਇਸ ਦੀ ਯਾਦ ਵਿੱਚ ਅਸੀਂ ਫਾਰਮਾਸਿਊਟੀਕਰਲ ਪਾਰਕ ਸਥਾਪਕ ਕਰ ਸਕੀਏ ਤਾਂ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਮੌਕੇ ਕੀਤਾ ਗਿਆ ਇਕ ਨਿਮਾਣਾ ਜਿਹਾ ਉਪਰਾਲਾ ਹੋਵੇਗਾ।
————-   

LEAVE A REPLY

Please enter your comment!
Please enter your name here