
ਬਠਿੰਡਾ 23 ਜੁਲਾਈ (ਸਾਰਾ ਯਹਾ/ਬਿਓਰੋ ਰਿਪੋਰਟ) ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਹਲਕੇ ਦੀ ਅਸਲ ਤਸਵੀਰ ਪੇਸ਼ ਕਰਨ ਵਾਲੇ ਨੂੰ ਹੁਣ ਹਵਾਲਾਤ ਦੀ ਹਲਾ ਖਾਣੀ ਪਏਗੀ। ਰਾਮਲੀਲ੍ਹਾ ’ਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਸਾਬਕਾ ਕੌਂਸਲਰ ਵਿਜੈ ਕੁਮਾਰ ਨੇ ਗਲ਼ੀਆਂ ਵਿੱਚ ਖੜ੍ਹੇ ਪਾਣੀ ’ਚ 21 ਜੁਲਾਈ ਨੂੰ ਕਿਸ਼ਤੀ ਚਲਾ ਕੇ ਸ਼ਹਿਰ ’ਚੋਂ ਪਾਣੀ ਦੇ ਨਿਕਾਸ ਦੇ ਨਾਕਾਮ ਸਿਸਟਮ ਨੂੰ ਸਾਹਮਣੇ ਲਿਆਂਦਾ ਸੀ।
ਇਸ ਤਰ੍ਹਾਂ ਉਸ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਹਲਕੇ ਦੀ ਤਸਵੀਰ ਪੇਸ਼ ਕੀਤੀ ਸੀ। ਇਹ ਅਫਸਰਾਂ ਨੂੰ ਰਾਸ ਨਹੀਂ ਆਇਆ। ਦਰਅਸਲ ਵਿਜੈ ਨੇ ਛੋਟੇ-ਛੋਟੇ ਬੱਚਿਆਂ ਨੂੰ ਕਿਸ਼ਤੀ ’ਚ ਬਿਠਾ ਕੇ ਖੁਦ ਮਲਾਹ ਦੀ ਭੂਮਿਕਾ ਨਿਭਾਈ। ਇਸ ਮੌਕੇ ਖੁਦ ਵਿਜੈ ਨੇ ਤਾਂ ਸੇਫ਼ਟੀ ਜੈਕਟ ਪਹਿਨੀ ਹੋਈ ਸੀ, ਜਦ ਕਿ ਬੱਚਿਆਂ ਨੇ ਇਹ ਨਹੀਂ ਸੀ ਪਹਿਨੀ।
ਹੁਣ ਮੁਸ਼ਕਲਾਂ ਨੂੰ ਨਾਟਕੀ ਅੰਦਾਜ਼ ’ਚ ਉਭਾਰਨ ਵਾਲੇ ਸਾਬਕਾ ਕੌਂਸਲਰ ਵਿਜੈ ਕੁਮਾਰ ’ਤੇ ਥਾਣਾ ਕੈਨਾਲ ’ਚ ਧਾਰਾ 336 ਤਹਿਤ ਪਰਚਾ ਦਰਜ ਹੋ ਗਿਆ ਹੈ। ਯਾਦ ਰਹੇ ਜਨਤਕ ਸਮੱਸਿਆਵਾਂ ਦੇ ਵਿਰੋਧ ਲਈ ਵਿਜੈ ਕੁਮਾਰ ਵੱਲੋਂ ਵਰਤੇ ਜਾਂਦੇ ‘ਬਹੁ-ਰੂਪੀਏ’ ਅੰਦਾਜ਼ ਅਕਸਰ ਸੁਰਖ਼ੀਆਂ ਬਟੋਰਦੇ ਹਨ।
