*ਮਨਜਿੰਦਰ ਸਿਰਸਾ ਚੋਣ ਹਾਰੇ, ਅਕਾਲੀ ਦਲ ਨੇ ਜਿੱਤੀਆਂ 26 ਸੀਟਾਂ*

0
192

ਨਵੀਂ ਦਿੱਲੀ (ਸਾਰਾ ਯਹਾਂ ਬਿਊਰੋ ਰਿਪੋਰਟ) : ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀਆਂ ਕੁੱਲ 46 ਸੀਟਾਂ ’ਚੋਂ ਸ਼੍ਰੋਮਣੀ ਅਕਾਲੀ ਦਲ ਨੇ 26 ਵਾਰਡਾਂ ਵਿੱਚ ਜਿੱਤ ਹਾਸਲ ਕਰ ਲਈ ਹੈ। ਇਸ ਤੋਂ ਇਲਾਵਾ ਚਾਰ ਸੀਟਾਂ ਉਪਰ ਅੱਗੇ ਹੈ। ਖਾਸ ਗੱਲ ਹੈ ਕਿ ਮਨਜਿੰਦਰ ਸਿੰਘ ਸਿਰਸਾ ਹਾਰ ਗਏ ਹਨ, ਜਦ ਕਿ ਜਾਗੋ ਪਾਰਟੀ ਦੇ ਮਨਜੀਤ ਸਿੰਘ ਜੀਕੇ ਜਿੱਤ ਗਏ ਹਨ। ਉਨ੍ਹਾਂ ਨੇ 661 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ।

ਗੀਤਾ ਕਾਲੋਨੀ ਤੋਂ ਬਾਦਲ ਧੜੇ ਦੇ ਸੁਖਵਿੰਦਰ ਸਿੰਘ ਬੱਬਰ ਜਿੱਤ ਗਏ ਹਨ। ਵਿਕਾਸ ਪੁਰੀ ਤੋਂ ਸਰਨਾ ਧੜੇ ਦੇ ਅਮਰੀਕ ਸਿੰਘ, ਜਦਕਿ ਪੰਜਾਬੀ ਹਲਕੇ ਤੋਂ ਹਰਵਿੰਦਰ ਸਿੰਘ ਸਰਨਾ ਜਿੱਤ ਗਏ। ਪ੍ਰੀਤ ਵਿਹਾਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਭੁਪਿੰਦਰ ਸਿੰਘ ਭੁੱਲਰ, ਵਿਵੇਕ ਵਿਹਾਰ ਤੋਂ ਜਸਵੀਰ ਸਿੰਘ ਨੋਨੀ, ਨਵੀਨ ਸ਼ਾਹਦਰਾ ਪਰਵਿੰਦਰ ਸਿੰਘ, ਸਰਿਤਾ ਵਿਹਾਰ ਤੋਂ ਗੁਰਪ੍ਰੀਤ ਸਿੰਘ ਜੱਸਾ, ਉੱਤਮ ਨਗਰ ਤੋਂ ਰਮਨਜੋਤ ਸਿੰਘ ਮੀਤਾ ਜਿੱਤ ਚੁੱਕੇ ਹਨ।

ਦੱਸ ਦਈਏ ਕਿ 22 ਅਗਸਤ ਨੂੰ 46 ਵਾਰਡਾਂ ਲਈ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਅੱਜ ਸਵੇਰੇ 8 ਵਜੇ ਗਿਣਤੀ ਸ਼ੁਰੂ ਹੋਈ ਤੇ ਦੁਪਹਿਰ ਤੱਕ ਨਤੀਜੇ ਸਪਸ਼ਟ ਹੋ ਗਏ। ਮੌਜੂਦਾ ਕਮੇਟੀ ਦਾ ਕਾਰਜਕਾਲ ਮਾਰਚ 2021 ਨੂੰ ਖ਼ਤਮ ਹੋ ਗਿਆ ਸੀ ਪਰ ਕਰੋਨਾ ਕਾਰਨ ਇਹ ਚੋਣਾਂ ਪ੍ਰਚਾਰ ਦੌਰਾਨ ਹੀ ਮੁਲਤਵੀ ਕਰਨੀਆਂ ਪਈਆਂ ਤੇ 22 ਅਗਸਤ ਨੂੰ ਵੋਟਾਂ ਪਈਆਂ।

ਅਧਿਕਾਰੀਆਂ ਮੁਤਾਬਕ ਦਿੱਲੀ ਸਰਕਾਰ ਦੇ ਦਿੱਲੀ ਗੁਰਦੁਆਰਾ ਚੋਣ ਬੋਰਡ ਵੱਲੋਂ ਕੁੱਲ ਪੋਲ ਹੋਈਆਂ 1,27,472 ਵੋਟਾਂ ਦੀ ਗਿਣਤੀ ਲਈ ਆਈਟੀਆਈ-ਤਿਲਕ ਨਗਰ, ਆਈਟੀਆਈ-ਖਿਚੜੀਪੁਰ, ਆਈਆਈਟੀ-ਪੂਸਾ, ਆਰੀਆ ਭੱਟ ਪੋਲੀਟੈਕਨਿਕ, ਆਈਟੀਆਈ ਵਿਮੈਨ-ਵਿਵੇਕ ਵਿਹਾਰ ਵਿੱਚ ਗਿਣਤੀ ਕੇਂਦਰ ਬਣਾਏ ਗਏ।

ਕੁੱਲ 37.27 ਫ਼ੀਸਦੀ ਵੋਟਾਂ ਪਈਆਂ ਸਨ ਜਿਨ੍ਹਾਂ ਵਿੱਚੋਂ 68194 ਮਰਦਾਂ (39.95 ਫ਼ੀਸਦ) ਨੇ ਤੇ 59278 ਔਰਤਾਂ (34.95 ਫ਼ੀਸਦ) ਨੇ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕੀਤੀ ਸੀ। 2017 ਵਿੱਚ 45 ਫ਼ੀਸਦੀ ਤੋਂ ਵੱਧ ਵੋਟਾਂ ਪਈਆਂ ਸਨ। ਦਿੱਲੀ ਪੁਲੀਸ ਵੱਲੋਂ 3 ਪੜਾਵੀ ਸੁਰੱਖਿਆ ਬੰਦੋਬਸਤ ਕੀਤੇ ਗਏ ਹਨ। ਇਸ ਵਾਰ ਵੋਟਾਂ ਬੈਲਟ ਪੇਪਰ ਨਾਲ ਹੋਈਆਂ ਸਨ ਤੇ ਬੈਲਟ ਬਕਸਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਲੀ ਪੁਲਿਸ ਉਪਰ ਹੈ।

ਸੂਤਰਾਂ ਮੁਤਾਬਕ ਗਿਣਤੀ ਕੇਂਦਰਾਂ ਵਿੱਚ ਸੀਸੀਟੀਵੀ ਕੈਮਰੇ ਲਾਏ ਗਏ ਹਨ। ਗਿਣਤੀ ਵੇਲੇ ਸਿਰਫ਼ ਅਧਿਕਾਰਤ ਉਮੀਦਵਾਰ, ਪੋਲਿੰਗ ਏਜੰਟ ਹੀ ਕੇਂਦਰਾਂ ਵਿੱਚ ਜਾ ਸਕੇ। ਕੋਵਿਡ-19 ਨੇਮਾਂ ਦੀ ਪਾਲਣਾ ਕਰਨ ਦੀ ਕੋਸ਼ਿਸ਼ ਵੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ। ਨਤੀਜੇ ਐਲਾਨੇ ਜਾਣ ਤੋਂ ਮਗਰੋਂ 31 ਅਗਸਤ ਤੱਕ ਸਾਰਾ ਚੋਣ ਅਮਲ ਨੇਪਰੇ ਚਾੜ੍ਹਨ ਦੀ ਗੁਰਦੁਆਰਾ ਚੋਣ ਬੋਰਡ ਦੀ ਜ਼ਿੰਮੇਵਾਰੀ ਹੋਵੇਗੀ।

LEAVE A REPLY

Please enter your comment!
Please enter your name here