*ਮਗਨਰੇਗਾ ਸਕੀਮ ਦੀ ਵਧੀਆ ਕਾਰਗੁਜ਼ਾਰੀ ਪੱਖੋਂ ਜ਼ਿਲ੍ਹਾ ਮਾਨਸਾ ਸੂਬੇ ਅੰਦਰ ਪਹਿਲੇ ਸਥਾਨ ’ਤੇ ਰਿਹੈ*

0
4

*ਮਾਨਸਾ, 25 ਮਈ(ਸਾਰਾ ਯਹਾਂ/  ਮੁੱਖ ਸੰਪਾਦਕ)  : ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਟੀ.ਬੈਨਿਥ ਨੇ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਸਮੇਂ-ਸਮੇਂ ’ਤੇ ਮਗਨਰੇਗਾ ਸਕੀਮ ਅਧੀਨ ਵੱਖ-ਵੱਖ ਮਾਪਦੰਡਾਂ ਅਤੇ ਰਿਪੋਰਟਾਂ ਨੂੰ ਧਿਆਨ ਵਿੱਚ ਰੱਖ ਕੇ ਜ਼ਿਲਿ੍ਹਆਂ ਦੀ ਰੈਂਕਿੰਗ ਜਾਰੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਨੇ ਇਸ ਰੈਂਕਿੰਗ ਵਿੱਚ ਵਿੱਤੀ ਵਰੇ੍ਹ 2022-23 ਦੌਰਾਨ ਵੀ ਪਹਿਲੇ ਨੰਬਰ ’ਤੇ ਆ ਕੇ ਆਪਣਾ ਸਥਾਨ ਬਣਾ ਕੇ ਰੱਖਿਆ ਹੋਇਆ ਹੈ। ਇਸ ਉਪਲੱਬਧੀ ਲਈ ਉਨ੍ਹਾਂ ਮਗਨਰੇਗਾ ਸਟਾਫ, ਸਰੰਪਚਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਧਾਈ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ ਵੱਖ-ਵੱਖ ਪੈਰਾਮੀਟਰ ਜਿਵੇਂ ਕਿ ਸਮੇਂ ਸਿਰ ਭੁਗਤਾਨ, ਐਨ.ਆਰ.ਐਮ. ਸਬੰਧੀ ਕੰਮ, ਏਰੀਆ ਅਫ਼ਸਰ ਐਪ ’ਤੇ ਚੈਕਿੰਗ, ਪੈਦਾ ਕੀਤੇ ਮਨੁੱਖੀ ਦਿਨ, ਸਾਂਝਾ ਜਲ ਤਲਾਬ ਅਤੇ ਖੇਡ ਮੈਦਾਨਾਂ ਦੀ ਪ੍ਰਗਤੀ, ਅਦਾਇਗੀਆਂ ਸਬੰਧੀ ਰੀਜੈਕਸ਼ਨਾਂ ਨੂੰ ਮੁੜ ਜਨਰੇਟ ਕਰਨਾ, ਐਨ.ਐਮ.ਐਮ.ਐਸ. ’ਤੇ ਹਾਜ਼ਰੀ, ਸੋਸ਼ਲ ਆਡਿਟ ਏ.ਟੀ.ਆਰ., ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਵਿੱਚ ਵਧੀਆ ਕਾਰਗੁਜਾਰੀ ਸਬੰਧੀ ਜ਼ਿਲ੍ਹਾ ਮਾਨਸਾ 23 ਜ਼ਿਲਿ੍ਹਆਂ ਵਿੱਚੋਂ ਪਹਿਲੇ ਸਥਾਨ ’ਤੇ ਰਿਹਾ ਹੈ।
ਸ਼੍ਰੀ ਟੀ.ਬੈਨਿਥ ਨੇ ਦੱਸਿਆ ਕਿ ਸੂਬੇ ਵੱਲੋਂ ਜ਼ਿਲ੍ਹੇ ਨੂੰ ਮਿਡ ਟਰਮ ਰੀਵਿਊ ਦੌਰਾਨ ਪਹਿਲੇ ਸਥਾਨ ’ਤੇ ਰਹਿਣ ਲਈ ਅਤੇ ਸਭ ਤੋਂ ਵੱਧ ਲਾਭਪਾਤਰੀਆਂ ਦੇ ਆਧਾਰ ਕਾਰਡ ਲਿੰਕ ਕਰਨ ਲਈ ਸੂਬਾ ਪੱਧਰੀ ਅਵਾਰਡ ਵੀ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਵਿੱਤੀ ਵਰ੍ਹੇ 2022-23 ਦੌਰਾਨ 17,17,851 ਦਿਹਾੜੀਆਂ ਪੈਦਾ ਕੀਤੀਆਂ ਗਈਆਂ ਹਨ, ਜਿਸ ਵਿੱਚੋਂ 12,53783 (72.98%) ਦਿਹਾੜੀਆਂ ਵਿਚ ਔਰਤ ਜੋਬ ਕਾਰਡਧਾਰਕਾਂ ਦੀ ਭਾਗੀਦਾਰੀ ਹੈ ਅਤੇ 39145 ਪਰਿਵਾਰਾਂ ਨੂੰ ਹੁਣ ਤੱਕ ਕੰਮ ਮੁਹੱਈਆ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ 58 ਕਰੋੜ ਰੁਪਏ ਖਰਚ ਕੀਤੇ ਗਏ ਹਨ। ਮਗਨਰੇਗਾ ਸਕੀਮ ਅਧੀਨ ਵਿੱਤੀ ਵਰੇ 2022-23 ਦੋਰਾਨ ਔਸਤਨ 43 ਦਿਨ ਪ੍ਰਤੀ ਪਰਿਵਾਰ ਨੂੰ ਰੋਜਗਾਰ ਮੁਹੱਈਆ ਕਰਵਾਇਆ ਗਿਆ ਹੈ। ਵਿੱਤੀ ਵਰੇ 2022-23 ਦੌਰਾਨ 14939 ਪਰਿਵਾਰ 50 ਦਿਨਾਂ ਤੋਂ ਉੱਪਰ ਕੰਮ ਪ੍ਰਾਪਤ ਕਰ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਮੁੱਖ ਤੌਰ ’ਤੇ ਪਾਰਕਾਂ ਦਾ ਨਿਰਮਾਣ, ਖੇਡ ਮੈਦਾਨਾਂ ਦਾ ਨਿਰਮਾਣ ਅਤੇ ਪੌਦੇ ਲਗਵਾਏ ਗਏ ਹਨ ਅਤੇ ਪਿੰਡਾਂ ਵਿੱਚ ਗਲੀਆਂ-ਨਾਲੀਆਂ ਦਾ ਨਿਰਮਾਣ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਟੇਲਾਂ ਤੱਕ ਪਾਣੀ ਪਹੁੰਚਾਉਣ ਲਈ ਰਜਵਾਹਿਆਂ ਦੀ ਮੇਨਟੇਨੈਂਸ ਨਹਿਰੀ ਵਿਭਾਗ ਵੱਲੋਂ ਮਗਨਰੇਗਾ ਸਕੀਮ ਅਧੀਨ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਗਿਆ ਕਿ ਵਿੱਤੀ ਵਰ੍ਹੇ 2022-23 ਦੌਰਾਨ ਪਿੰਡਾਂ ਵਿੱਚ 88,600 ਪੌਦੇ ਲਗਾਏ ਗਏ ਹਨ।
ਉਨ੍ਹਾਂ ਸਟਾਫ ਨੂੰ ਹਦਾਇਤ ਕੀਤੀ ਕਿ ਲਾਭਪਾਰਤੀਆਂ ਦੇ ਪੈਂਡਿੰਗ ਆਧਾਰ ਕਾਰਡ ਮਗਨਰੇਗਾ ਸਾਫਟਵੇਅਰ ’ਤੇ ਅਪਡੇਟ ਕਰਵਾਏ ਜਾਣ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ ਤਹਿਤ ਲਾਭ ਦੇਣ ਲਈ ਪਿੰਡਾਂ ਵਿੱਚ ਵੱਧ ਤੋਂ ਵੱਧ ਕੈਂਪ ਲਗਾਏ ਜਾਣ ਅਤੇ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਵਿੱਤੀ ਵਰੇ 2023-24 ਦੌਰਾਨ ਸੂਬੇ ਵੱਲੋਂ 16,00000 ਦਿਹਾੜੀਆਂ ਦਾ ਟੀਚਾ ਜਾਰੀ ਕੀਤਾ ਗਿਆ ਹੈ। ਉਨ੍ਹਾਂ ਹਦਾਇਤ ਕੀਤੀ ਕਿ ਇਸ ਟੀਚੇ ਨੂੰ ਪੂਰਾ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਕੰਮ ਚਲਾ ਕੇ ਮਗਨਰੇਗਾ ਲਾਭਪਾਤਰੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇ।

LEAVE A REPLY

Please enter your comment!
Please enter your name here