ਮਾਨਸਾ, 14 ਅਗਸਤ (ਸਾਰਾ ਯਹਾ, ਜੋਨੀ ਜਿੰਦਲ) : ਵਿੱਤੀ ਸਾਲ 2020-21 ਦੌਰਾਨ ਜ਼ਿਲ੍ਹੇ ਵਿੱਚ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਮਗਨਰੇਗਾ ਸਕੀਮ ਅਧੀਨ ਸੜਕਾਂ ਦੇ ਕਿਨਾਰਿਆਂ ‘ਤੇ ਪੌਦੇ ਲਗਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੋਰ ਸੰਧੂ ਨੇ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਜੰਗਲਾਤ ਵਿਭਾਗ ਵੱਲੋਂ ਸੜਕਾਂ ਦੇ ਕਿਨਾਰਿਆਂ ‘ਤੇ ਪੌਦੇ ਲਗਵਾਏ ਜਾ ਰਹੇ ਹਨ, ਜਿਸ ਤਹਿਤ ਪਿੰਡਾਂ ਵਿੱਚ 53 ਸੜਕਾਂ ਉੱਪਰ 144.3 ਹੈਕਟੇਅਰ ਦਾ ਏਰੀਆ ਕਵਰ ਕੀਤਾ ਜਾਵੇਗਾ ਅਤੇ 1,44,300 ਪੌਦੇ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਹ ਕੰਮ ਜੰਗਲਾਤ ਵਿਭਾਗ ਬਤੌਰ ਕਾਰਜਕਾਰੀ ਏਜੰਸੀ ਮਗਨਰੇਗਾ ਸਕੀਮ ਅਧੀਨ ਮਜ਼ਦੂਰਾਂ ਤੋਂ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਇਨ੍ਹਾਂ ਨੂੰ ਕੰਮ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਪਿੰਡ ਵਿੱਚ ਹਰਿਆਲੀ ਵੀ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਲਗਾਏ ਜਾਣ ਵਾਲੇ ਬੂਟੇ ਜੰਗਲਾਤ ਵਿਭਾਗ ਦੀਆਂ ਨਰਸਰੀਆਂ ਜੋ ਕਿ ਮਨਰੇਗਾ ਅਧੀਨ ਵਿਕਸਿਤ ਕੀਤੀਆਂ ਗਈਆਂ ਹਨ, ਤੋਂ ਪ੍ਰਾਪਤ ਕੀਤੇ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਪੌਦਿਆਂ ਦੀ ਸਾਂਭ-ਸੰਭਾਲ ਵੀ ਮਗਨਰੇਗਾ ਅਧੀਨ ਕੀਤੀ ਜਾਵੇਗੀ ਜਿਸ ਨਾਲ ਮਗਨਰੇਗਾ ਮਜ਼ਦੂਰਾਂ ਨੂੰ ਲਗਾਤਾਰ ਕੰਮ ਮੁਹੱਈਆ ਹੋ ਸਕੇਗਾ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਿੰਡਾਂ ਵਿੱਚ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਤਾਂ ਜੋ ਪਿੰਡਾਂ ਦੇ ਵਾਤਾਰਵਣ ਨੂੰ ਸਾਫ ਸੂਥਰਾ ਅਤੇ ਬਿਮਾਰੀਆਂ ਮੁਕਤ ਬਣਾਇਆ ਜਾ ਸਕੇ।