ਮਾਨਸਾ, 14 ਮਈ ( (ਸਾਰਾ ਯਹਾ/ ਬਲਜੀਤ ਸ਼ਰਮਾ ) : ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਕੋਰੋਨਾ ਮਹਾਂਮਾਰੀ ਦੇ ਨਾਲ ਨਜਿੱਠਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ।ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਮਗਨਰੇਗਾ ਸਕੀਮ ਤਹਿਤ ਜੋਬ ਕਾਰਡ ਧਾਰਕਾਂ ਨੂੰ ਵਿਅਕਤੀਗਤ ਲਾਭ ਦੇਣ ਸਬੰਧੀ ਸਕੀਮ ਅਧੀਨ ਕੰਮ ਮੁਹੱਈਆ ਕਰਵਾਉਣ ਤੋਂ ਇਲਾਵਾ ਪਸ਼ੂਆਂ ਦੇ ਸ਼ੈੱਡ ਵੀ ਬਣਾ ਕੇ ਦੇਣ ਸਬੰਧੀ ਜ਼ੋਰ ਦਿੱਤਾ ਜਾ ਰਿਹਾ ਹੈ, ਤਾਂ ਜੋ ਗਰੀਬ ਪਰਿਵਾਰਾਂ ਦਾ ਇਸ ਦੁੱਖ ਦੀ ਘੜੀ ਵਿੱਚ ਸਾਥ ਦਿੱਤਾ ਜਾ ਸਕੇ ਅਤੇ ਉਹਨਾਂ ਦਾ ਜੀਵਨ ਪੱਧਰ ਉੱਚਾ ਕੀਤਾ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ ਪਹਿਲਾਂ ਵਿਅਕਤੀਗਤ ਕੰਮ ਲਈ ਮਗਨਰੇਗਾ ਸਕੀਮ ਅਧੀਨ 60% ਹਿੱਸਾ ਮਿਲਦਾ ਸੀ ਜਦਕਿ 40% ਹਿੱਸਾ ਲਾਭਪਾਤਰੀ ਵੱਲੋਂ ਪਾਇਆ ਜਾਂਦਾ ਸੀ, ਪ੍ਰੰਤੂ ਕੋਰੋਨਾ ਮਹਾਂਮਾਰੀ ਕਾਰਨ ਮਾਨਯੋਗ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਪੰਜਾਬ ਸ਼੍ਰੀ ਤਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਹੁਕਮ ਜਾਰੀ ਕਰਕੇ ਲਾਭਪਾਤਰੀ ਦਾ 40% ਹਿੱਸਾ ਖਤਮ ਕਰ ਦਿੱਤਾ ਗਿਆ ਹੈ, ਜਿਸ ਕਾਰਨ ਗਰੀਬ ਪਰਿਵਾਰਾਂ ਨੂੰ ਵੱਧ ਤੋਂ ਵੱਧ ਵਿਅਕਤੀਗਤ ਲਾਭ ਮੁਹੱਈਆ ਕਰਵਾਇਆ ਜਾ ਸਕੇਗਾ ਅਤੇ ਇਸ ਦੇ ਨਾਲ ਨਾਲ ਬਿਨਾਂ ਕਿਸੇ ਖਰਚੇ ਤੋਂ ਸ਼ੈੱਡ ਵੀ ਬਣਾ ਕੇ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਸ਼੍ਰੀ ਚਹਿਲ ਨੇ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਸ਼ੂ ਸ਼ੈੱਡ (ਗਾਂਵਾਂ ਅਤੇ ਮੱਝਾਂ), ਬੱਕਰੀਆਂ ਦਾ ਸ਼ੈੱਡ, ਪਿਗਰੀ ਸ਼ੈੱਡ ਬਣਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 6 ਪਸ਼ੂਆਂ ਦੇ ਸ਼ੈੱਡ (ਗਾਂਵਾਂ ਅਤੇ ਮੱਝਾਂ) ਉੱਪਰ 97000 ਰੁਪਏ (400 ਵਰਗ ਫੁੱਟ), 4 ਪਸ਼ੂਆਂ ਦੇ ਸ਼ੈੱਡ (ਗਾਂਵਾਂ ਅਤੇ ਮੱਝਾਂ) ਉੱਪਰ 60000 ਰੁਪਏ (300 ਵਰਗ ਫੁੱਟ), 10 ਬੱਕਰੀਆਂ ਦੇ ਸ਼ੈੱਡ ਉੱਪਰ 52000 ਰੁਪਏ (80 ਵਰਗ ਫੁੱਟ), 100 ਮੁਰਗਿਆਂ ਦੇ ਸ਼ੈੱਡ 37765 ਰੁਪਏ (80 ਵਰਗ ਫੁੱਟ) ਅਤੇ 2 ਯੂਨਿਟ ਪਿਗਰੀ ਸ਼ੈੱਡ ਉੱਪਰ 65800 ਰੁਪਏ (300 ਵਰਗ ਫੁੱਟ) ਖਰਚ ਆਵੇਗਾ।
ਸ੍ਰੀ ਗੁਰਪਾਲ ਸਿੰਘ ਚਹਿਲ ਨੇ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਅਤੇ ਏ.ਪੀ.ਓ. ਮਗਨਰੇਗਾ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਯੋਗ ਲਾਭਪਾਤਰੀਆਂ ਦੀ ਚੋਣ ਕਰਕੇ ਮਗਨਰੇਗਾ ਸਕੀਮ ਅਧੀਨ ਵੱਧ ਤੋਂ ਵੱਧ ਕੰਮ ਸ਼ੈੱਡ ਬਣਾਉਣ ਦੇ ਲਏ ਜਾਣ।
ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ ਸ਼ੈੱਡ ਬਣਾਉਣ ਲਈ ਲਾਭਪਾਤਰੀ ਦੀ ਚੋਣ ਮਗਨਰੇਗਾ ਐਕਟ ਦੇ ਸ਼ਡਿਊਲ 1 ਪੈਰਾ 5 ਅਨੁਸਾਰ ਅਤੇ ਸੰਯੁਕਤ ਵਿਕਾਸ ਕਮਿਸ਼ਨਰ ਮਗਨਰੇਗਾ ਵੱਲੋਂ ਜਾਰੀ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਹੀ ਕੀਤੀ ਜਾਵੇ ਅਤੇ ਯਕੀਨੀ ਬਣਾਇਆ ਜਾਵੇ ਕਿ ਹਦਾਇਤਾਂ ਅਨੁਸਾਰ ਹੀ ਐਸ.ਸੀ. ਪਰਿਵਾਰਾਂ ਨੂੰ ਅਤੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਦੇ ਲਾਭਪਾਤਰੀਆਂ ਨੂੰ ਪਰਮ ਅਗੇਤ ਦਿੱਤੀ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਸਟਾਫ ਨੂੰ ਹਦਾਇਤ ਕੀਤੀ ਕਿ ਪਿੰਡ ਵਿੱਚ ਪਹਿਲ ਦੇ ਆਧਾਰ ਤੇ 5 ਲਾਭਪਾਤਰੀਆਂ ਦੀ ਚੋਣ ਕੀਤੀ ਜਾਵੇ ਜੋ ਹਦਾਇਤਾਂ ਅਨੁਸਾਰ ਸਭ ਤੋਂ ਜਿਆਦਾ ਲੋੜਵੱਦ ਹੋਣ ਅਤੇ ਉਹਨਾ ਦੀ ਲਿਸਟ ਨੂੰ ਪਿੰਡ ਦੀ ਸਾਂਝੀ ਥਾਂ ’ਤੇ ਇੱਕ ਹਫਤੇ ਲਈ ਚਸਪਾ ਕੀਤਾ ਜਾਵੇ ਅਤੇ ਲਿਸਟ ਉੱਪਰ ਇਤਰਾਜ ਸੁਣਨ ਉਪਰੰਤ ਮੁਕੰਮਲ ਲਿਸਟ ਜ਼ਿਲ੍ਹਾ ਪ੍ਰੀਸ਼ਦ ਨੂੰ ਭੇਜੀ ਜਾਵੇ ਅਤੇ ਯੋਗ ਜੋਬ ਕਾਰਡ ਧਾਰਕਾਂ ਨੂੰ ਪਹਿਲ ਦੇ ਆਧਾਰ ’ਤੇ ਲਾਭ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਉਪਰੰਤ 5 ਹੋਰ ਲਾਭਪਾਤਰੀਆਂ ਦੀ ਚੋਣ ਆਰੰਭ ਕੀਤੀ ਜਾਵੇ।
ਉਨ੍ਹਾਂ ਸਮੂਹ ਜੋਬ ਕਾਰਡ ਧਾਰਕਾਂ ਨੂੰ ਅਪੀਲ ਕੀਤੀ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ ਅਤੇ ਕੰਮ ਸਬੰਧੀ ਫਾਰਮ ਲਈ ਪਿੰਡ ਦੇ ਸਰਪੰਚ ਜਾਂ ਗ੍ਰਾਮ ਸੇਵਕ ਨਾਲ ਤਾਲਮੇਲ ਕੀਤਾ ਜਾਵੇ ਜਾਂ ਫਿਰ ਬੀ.ਡੀ.ਪੀ.ਓ. ਦਫਤਰ ਵਿੱਚ ਫਾਰਮ ਪ੍ਰਾਪਤ ਕੀਤਾ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਪਿੰਡ ਦੇ ਗ੍ਰਾਮ ਰੋਜਗਾਰ ਸੇਵਕ ਕੋਲ ਫਾਰਮ ਅਤੇ ਸਵੈ ਘੋਸ਼ਣਾ ਪੱਤਰ ਜਮਾਂ ਕਰਵਾਏ ਜਾ ਸਕਦੇ ਹਨ।