ਮਾਨਸਾ 17 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)ਸਾਦਗੀ ਦੇ ਪੁੰਜ ਬੇਦਾਗ ਅਤੇ ਬੇਗਰਜ਼ ਸੇਵਾਵਾਂ ਦੀ ਪ੍ਰਤੀਕ ਸ਼ਖ਼ਸੀਅਤ ਉੱਘੇ ਕਮਿਊਨਿਸਟ ਤੇ ਕਿਸਾਨ ਆਗੂ ਕਾਮਰੇਡ ਨਿਹਾਲ ਸਿੰਘ ਮਾਨਸਾ87 ਪਾਰਟੀ ਸਫਾ, ਜਨਤਕ ਖੇਤਰ ਤੇ ਭਾਈਵਾਲ ਧਿਰਾਂ ਵਿੱਚ ਸਤਕਾਰ ਦਾ ਪਾਤਰ ਰਿਹਾ, ਕਿਉਂਕਿ ਉਹਨਾਂ ਦਾ ਜੱਦੀ ਪਿੰਡ ਬੱਪੀਆਣਾ ਪਾਰਟੀ ਦਾ ਗੜ੍ਹ ਅਤੇ ਮਾਨਸਾ ਸਮੇਤ ਬਠਿੰਡਾ ਜ਼ਿਲ੍ਹਾ ਮਿੰਨੀ ਮਾਸਕੋ ਕਰਕੇ ਜਾਣਿਆ ਜਾਂਦਾ ਰਿਹਾ।
ਪੰਜਾਬ ਅੰਦਰ ਮੁਜਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਲਈ ਕਾਮਰੇਡ ਤੇਜਾ ਸਿੰਘ ਸੁਤੰਤਰ, ਕਾਮਰੇਡ ਜੰਗੀਰ ਸਿੰਘ ਜੋਗਾ, ਕਾਮਰੇਡ ਧਰਮ ਸਿੰਘ ਫੱਕਰ ਆਦਿ ਆਗੂਆਂ ਦੀ ਅਗਵਾਈ ਹੇਠ ਲੜੇ ਗਏ ਮੁਜ਼ਾਰਾ ਲਹਿਰ ਤੇ ਸੁਤੰਤਰ ਸੰਗਰਾਮੀਏ ਅਤੇ ਅਜ਼ਾਦੀ ਘੁਲਾਟੀਏ ਇਸ ਇਲਾਕੇ ਦੀ ਵੱਡੀ ਦੇਣ ਸੀ। ਜਿਸ ਕਰਕੇ ਇਹਨਾਂ ਦੇ ਪਰਿਵਾਰ ਤੇ ਵੀ ਪਾਰਟੀ ਪ੍ਰਭਾਵ ਹੋਣਾ ਸੁਭਾਵਿਕ ਸੀ।
ਪਿਤਾ ਅਰਜਨ ਸਿੰਘ ਦੇ ਘਰ ਅਤੇ ਮਾਤਾ ਚੰਦ ਕੌਰ ਦੀ ਕੁੱਖੋਂ 1938 ਵਿੱਚ ਜਨਮ ਲੈਣ ਵਾਲੇ ਸਾਥੀ ਦਾ ਪਰਿਵਾਰ ਮਿਹਨਤੀ ਤੇ ਕਿਸਾਨੀ ਖਿੱਤੇ ਨਾਲ ਜੁੜਿਆ ਹੋਇਆ ਸੀ। ਉਹਨਾਂ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਰਕਾਰੀ ਸਕੂਲ ਅਤੇ ਦਸਵੀਂ ਤੱਕ ਪੜ੍ਹਾਈ ਖਾਲਸਾ ਹਾਈ ਸਕੂਲ ਮਾਨਸਾ ਤੋਂ ਪ੍ਰਾਪਤ ਕੀਤੀ।
1960 ਦੇ ਸਮੇਂ ਦੌਰਾਨ ਪਟਵਾਰੀ ਦੀ ਨੌਕਰੀ ਭਲਾਈਆਣੇ ਫਰੀਦਕੋਟ ਤੋਂ ਸ਼ੂਰੁ ਕੀਤੀ ,ਸਰਕਾਰ ਦੇ ਗਲਤ ਫੈਸਲਿਆਂ ਤੇ ਜਥੇਬੰਦੀ ਦੀ ਬਿਹਤਰੀ ਲਈ ਕੀਤੇ ਸੰਘਰਸ਼ ਕਰਕੇ ਕੇਵਲ ਦੋ ਬਾਅਦ ਨੋਕਰੀ ਛੱਡਣੀ ਪਈ ਵਾਪਸ ਪਿੰਡ ਬੱਪੀਆਣਾ ਆਉਣਾ ਪਿਆ।
1962 ਦੇ ਸਮੇਂ ਆਪਣੇ ਪਿੰਡ ਇਕਾਈ ਦੇ ਆਗੂਆਂ ਦੀ ਪ੍ਰੇਰਨਾ ਤੇ ਅਗਵਾਈ ਸਦਕਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਲਈ ਅਤੇ ਪਾਰਟੀ ਦੇ ਸ਼ਹਿਰ ਦੇ ਸਕੱਤਰ, ਜ਼ਿਲ੍ਹਾ ਕੌਂਸਲ ਮੈਂਬਰ ਅਤੇ ਲੰਮਾਂ ਸਮਾਂ ਸੂਬਾ ਕੌਂਸਲ ਦੇ ਮੈਂਬਰ ਰਹਿਕੇ ਲੋਕ ਘੋਲਾਂ ਦੀ ਅਗਵਾਈ ਕੀਤੀ। ਪਾਰਟੀ ਦੇ ਜ਼ਿਲ੍ਹਾ ਸਹਾਇਕ ਸਕੱਤਰ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਤੇ ਸਕੱਤਰ ਹੁੰਦਿਆਂ ਕਿਸਾਨਾਂ ਮਜ਼ਦੂਰਾਂ ਲਈ ਸੰਘਰਸ਼ ਕੀਤਾ।
ਜ਼ਿਕਰਯੋਗ ਹੈ ਕਿ ਪ੍ਰਤਾਪ ਸਿੰਘ ਕੈਰੋਂ ਸਰਕਾਰ ਸਮੇਂ ਜਬਰੀ ਲਾਏ ਗਏ ਖੁਸ਼ ਹੈਸੀਅਤ ਟੈਕਸ ਦੇ ਖਿਲਾਫ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਕੀਤਾ ਗਿਆ ਤੇ ਜਿੱਤ ਪ੍ਰਾਪਤ ਕੀਤੀ।ਅੰਨ ਸੁਰੱਖਿਆ ਅਨੇਕਾ ਘੋਲਾਂ ਸਮੇਂ ਜੇਲ ਯਾਤਰਾ ਤੇ ਗਿਰਫ਼ਤਾਰ ਵੀ ਹੋਏ।
ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਪਾਰਟੀ ਹੁਕਮਾਂ ਅਨੁਸਾਰ ਅੱਤਵਾਦ ਖਿਲਾਫ ਲੜੇ, ਕਾਲੇ ਦਿਨਾਂ ਦੌਰਾਨ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰਾਂ ਦੀ ਜਿੱਤ ਲਈ ਦਿਨ ਰਾਤ ਮਿਹਨਤ ਕੀਤੀ ਗਈ।
ਸਾਥੀ ਨਿਹਾਲ ਸਿੰਘ ਮਾਨਸਾ ਜਿਥੇ ਪਾਰਟੀ ਲਈ ਇੱਕ ਅਡੋਲ ਤੇ ਸਿੱਦਕੀ ਆਗੂ ਸ਼ਾਬਤ ਹੋਇਆ ਉਥੇ ਪਰਿਵਾਰ ਪ੍ਰਤੀ ਵੀ ਪੂਰੀ ਤਰ੍ਹਾਂ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਈ। ਪਰਿਵਾਰਿਕ ਮੈਂਬਰਾਂ ਦੋ ਬੇਟੇ ਸੁਖਵਿੰਦਰ ਸਿੰਘ ਤੇ ਰਜਿੰਦਰ ਸਿੰਘ ਜੋ ਕਿ ਸਫਲ ਕਿਸਾਨ ਹਨ।ਦੋ ਬੇਟੀਆਂ ਮਨਜੀਤ ਕੌਰ ਤੇ ਦਲਜੀਤ ਕੌਰ ਆਪਣੇ ਘਰਾਂ ਵਿੱਚ ਸ਼ਾਦੀ ਸ਼ੁਦਾ ਹਨ।ਤੇ ਪਰਿਵਾਰ ਪੂਰੀ ਤਰ੍ਹਾਂ ਖੁਸ਼ਹਾਲ ਹਨ।
ਕਰੀਬ86/87 ਸਾਲ ਦੀ ਉਮਰ ਵਿੱਚ ਸੰਖੇਪ ਬਿਮਾਰੀ ਕਰਕੇ ਮਿਤੀ 10/8/24 ਦੀ ਸਵੇਰ ਪਰਿਵਾਰ ਤੇ ਪਾਰਟੀ ਨੂੰ ਅਲਵਿਦਾ ਕਹਿ ਗਏ। ਉਹਨਾਂ ਦੀ ਨਮਿਤ ਸ਼ਰਧਾਂਜਲੀ ਸਮਾਗਮ ਤੇ ਪਾਠ ਦਾ ਭੋਗ ਮਿਤੀ 18/8/24 ਦਿਨ ਐਤਵਾਰ ਨੂੰ ਬਾਅਦ ਦੁਪਹਿਰ ਗੁਰਦੁਆਰਾ ਕਲਗੀਧਰ ਸਾਹਿਬ (ਕਸੋਦਿਆ ਵਾਲ਼ਾ) ਗਲ਼ੀ ਨੰਬਰ 1 ਮਾਨਸਾ ਵਿਖੇ ਹੋਵੇਗਾ।ਇਸ ਮੌਕੇ ਧਾਰਮਿਕ ਸਮਾਜਿਕ ਜਨਤਕ ਤੇ ਰਾਜਨੀਤਕ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ।