ਚੰਡੀਗੜ੍ਹ,(ਸਾਰਾ ਯਹਾ, ਬਲਜੀਤ ਸ਼ਰਮਾ)20 ਮਾਰਚ: ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕੇਂਦਰੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਰਾਮ ਬਿਲਾਸ ਪਾਸਵਾਨ ਨੂੰ ਇਕ ਅਰਧ ਸਰਕਾਰੀ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਕ ਸੁਚੱਜੀ ਨੀਤੀ ਤਿਆਰ ਕੀਤੀ ਜਾਵੇ ਤਾਂ ਜ਼ੋ ਦੇਸ਼ ਦੇ ਭੁਖਮਰੀ ਦਾ ਸ਼ਿਕਾਰ ਸੂਬਿਆਂ ਵਿੱਚ ਅਨਾਜ ਦੀ ਸੁਚੱਜੀ ਵੰਡ ਕੀਤੀ ਜਾ ਸਕੇ।ਉਨ੍ਹਾਂ ਆਪਣੇ ਪੱਤਰ ਵਿੱਚ ਝਾਰਖੰਡ ਵਿਚ ਇਕ ਗਰੀਬ ਵਿਅਕਤੀ ਦੀ ਭੁੱਖ ਨਾਲ ਹੋਈ ਮੌਤ ਦਾ ਮੁੱਦਾ ਚੁੱਕਦਿਆਂ ਆਪਣੀ ਚਿੰਤਾ ਪ੍ਰਗਟਾਉਂਦਿਆਂ ਕਿਹਾ ਇਕ ਪਾਸੇ ਤਾਂ ਪੰਜਾਬ ਦੇ ਗੁਦਾਮ ਅੰਨ ਭੰਡਾਰ ਨਾਲ ਭਰੇ ਪਏ ਹਨ ਅਤੇ ਇਸ ਅਨਾਜ ਭੰਡਾਰ ਨੂੰ ਕੇਂਦਰੀ ਪੂਲ ਵਿੱਚ ਭਿਜਵਾਉਣ ਲਈ ਹੁਕਮ ਉਡੀਕ ਰਿਹਾ ਹੈ ਜਦਕਿ ਦੂਸਰੇ ਪਾਸੇ ਦੇਸ਼ ਵਿਚ ਭੁੱਖ ਨਾਲ ਮੌਤਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ । ਇਹ ਘਟਨਾ ਸਾਡੀਆਂ ਅੱਖਾਂ ਖੋਲ੍ਹਣ ਵਾਲੀ ਹੈ ਅਤੇ ਇਸ ਨੂੰ ਦੇਖਦੇ ਹੋਏ ਸਾਨੂੰ ਇੱਕ ਸੁਚੱਜੀ ਨੀਤੀ ਤਿਆਰ ਕਰਨੀ ਚਾਹੀਦੀ ਹੈ ਜਿਸ ਰਾਹੀਂ ਅਸੀਂ ਭੁੱਖਮਰੀ ਦੇ ਸ਼ਿਕਾਰ ਸੂਬਿਆਂ ਵਿਚ ਵਸਦੇ ਲੋੜਵੰਦਾਂ ਨੂੰ ਅਨਾਜ ਵਸਤਾਂ ਦੀ ਵੰਡ ਹੋ ਸਕੇ।ਉਨ੍ਹਾਂ ਪੰਜਾਬ ਰਾਜ ਦੇ ਗੁਦਾਮਾਂ ਵਿੱਚੋਂ ਅਨਾਜ ਦੀ ਚੁਕਾਈ ਦੇ ਲਈ ਕੇਂਦਰੀ ਮੰਤਰੀ ਨੂੰ ਨਿੱਜੀ ਦਖਲ ਦੇਣ ਦੀ ਮੰਗ ਕਰਦਿਆਂ ਪੰਜਾਬ ਦੇ ਗੁਦਾਮਾਂ ਦੀ ਸਥਿਤੀ ਦਾ ਮੁੱਦਾ ਚੁੱਕਿਆ।ਸ੍ਰੀ ਆਸ਼ੂ ਨੇ ਕਿਹਾ ਕਿ ਪੰਜਾਬ ਰਾਜ ਦੇ ਸਾਰੇ ਗੁਦਾਮ ਕਣਕ ਅਤੇ ਚੌਲ ਨਾਲ ਭਰੇ ਪਏ ਹਨ ਕੲੀ ਥਾਵਾਂ ਤੇ ਖੁਲ੍ਹੇ ਵਿਚ ਪਿਆ ਅਨਾਜ ਨਸ਼ਟ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਸਮੇਂ ਦਾ ਤਕਾਜ਼ਾ ਇਹ ਮੰਗ ਕਰਦਾ ਹੈ ਕਿ ਕੇਂਦਰੀ ਪੂਲ ਲਈ ਅਨਾਜ ਦੀ ਚੁਕਾਈ ਵਿਚ ਤੇਜ਼ੀ ਲਿਆਂਦੀ ਜਾਵੇ ਅਤੇ ਅਜਿਹੀ ਨੀਤੀ ਵੀ ਘੜੀ ਜਾਵੇ ਜਿਸ ਨਾਲ ਭੁੱਖਮਰੀ ਦੇ ਸ਼ਿਕਾਰ ਸੂਬਿਆਂ ਦੇ ਲੋੜਵੰਦ ਲੋਕਾਂ ਨੂੰ ਅਨਾਜ ਮਿਲਣਾ ਯਕੀਨੀ ਹੋ ਜਾਵੇ।