ਮਾਨਸਾ, 03 ਜੁਲਾਈ:(ਸਾਰਾ ਯਹਾਂ/ਮੁੱਖ ਸੰਪਾਦਕ)
ਚੇਅਰਪਰਸਨ ਨੈਸ਼ਨਲ ਕਮਿਸ਼ਨਰ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਵੱਲੋਂ ਪ੍ਰਾਪਤ ਹਦਾਇਤਾਂ ’ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਕੁਲਵਿੰਦਰ ਸਿੰਘ ਅਤੇ ਜ਼ਿਲ੍ਹਾ ਬਾਲ ਅਫ਼ਸਰ ਨਤੀਸ਼ਾ ਅੱਤਰੀ ਦੇ ਆਦੇਸ਼ਾਂ ’ਤੇ ਰਜਿੰਦਰ ਕੁਮਾਰ ਕਾਊਂਸਲਰ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਬੁਢਲਾਡਾ ਦੀਆਂ ਵੱਖ ਵੱਖ ਜਨਤਕ ਥਾਵਾਂ ’ਤੇ ਭੀਖ ਮੰਗਣ ਵਾਲੇ ਬੱਚਿਆਂ ਦੀ ਸ਼ਨਾਖਤ ਲਈ ਚੈਕਿੰਗ ਕੀਤੀ ਗਈ ਤਾਂ ਜੋ ਬਾਲ ਭਿੱਖਿਆ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਰਜਿੰਦਰ ਕੁਮਾਰ ਕਾਊਂਸਲਰ ਵੱਲੋਂ ਜਨਤਕ ਥਾਵਾਂ ’ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਬੱਚਿਆਂ ਨਾਲ ਸਬੰਧਤ ਮਿਲਣ ਵਾਲੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਾਲ ਸੁਰੱਖਿਆ ਵਿਭਾਗ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਤੋਂ ਜਾਣੂ ਕਰਵਾਉਣਾ ਲਾਜ਼ਮੀ ਹੈ ਤਾਂ ਜੋ ਕਿਸੇ ਲੋੜਵੰਦ ਬੱਚੇ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਭੀਖ ਮੰਗਦੇ ਬੱਚੇ, ਗੁੰਮ ਹੋਏ ਬੱਚੇੇ ਜਾਂ ਲਾਵਾਰਿਸ ਬੱਚੇ ਦੇ ਮਿਲਣ ’ਤੇ ਸੂਚਨਾ ਬਾਲ ਭਲਾਈ ਕਮੇਟੀ ਅਤੇ ਸੰਬਧਿਤ ਥਾਣੇ ਨੂੰ ਦਿੱਤੀ ਜਾਵੇ। ਉਨ੍ਹਾਂ ਜਿਣਸੀ ਐਕਟ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਮੋਬਾਇਲ ’ਤੇ ਗਲਤ ਸੁਨੇਹੇ ਭੇਜਣਾ ਅਤੇ ਛੇੜਛਾੜ ਕਰਨ ’ਤੇ ਸਖ਼ਤ ਸਜ਼ਾ ਮਿਲਦੀ ਹੈ।
ਕਾਊਂਸਲਰ ਨੇ ਕਿਹਾ ਕਿ ਬਾਲ ਵਿਆਹ, ਬਾਲ ਮਜ਼ਦੂਰੀ ਅਤੇ ਕਿਸੇ ਮੁਸੀਬਤ ਵਿਚ ਮਿਲੇ ਬੱਚੇ ਦੀ ਮਦਦ ਲਈ ਪੁਲਿਸ ਵਿਭਾਗ ਬਾਲ ਭਲਾਈ ਕਮੇਟੀ ਤੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਮਾਨਸਾ ਨੂੰ ਸੂਚਨਾ ਦਿੱਤੀ ਜਾ ਸਕਦੀ ਹੈ।