
27 ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) ਭਿਆਨਕ ਸੜਕ ਹਾਦਸੇ ‘ਚ ਪਰਿਵਾਰ ਦੇ 4 ਜੀਆਂ ਦੀ ਹੋਈ ਮੌਤ, ਰਾਜਸਥਾਨ ਤੋਂ ਪਰਤਣ ਵੇਲੇ ਵਾਪਰਿਆ ਹਾਦਸਾ
ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਪਿੰਡ ਨਥੂਵਾਲਾ ਗੜਬੀ ਦੇ ਰਹਿਣ ਵਾਲੇ ਇੱਕ ਹੀ ਪਰਿਵਾਰ ਦੇ 4 ਜੀਆਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਇੱਕ ਛੋਟੀ ਬੱਚੀ ਸਮੇਤ ਪਰਿਵਾਰ ਦੇ 4 ਮੈਂਬਰਾਂ ਦੀ ਗੰਗਾਨਗਰ ਦੇ ਕੋਲ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।
ਇਸ ਦੇ ਨਾਲ ਹੀ ਇੱਕ ਔਰਤ ਦੀ ਹਾਲਤ ਗੰਭੀਰ ਹੈ, ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੋ ਦਿਨ ਪਹਿਲਾਂ ਸਾਰੇ ਪਰਿਵਾਰਕ ਮੈਂਬਰ ਰਾਜਸਥਾਨ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ ਪਦਮਪੁਰ ਗਏ ਸੀ। ਉੱਥੋਂ ਜਦੋਂ ਉਹ ਵਾਪਸ ਆਪਣੇ ਪਿੰਡ ਮੋਗਾ ਪਰਤ ਰਹੇ ਸਨ ਤਾਂ ਉਸ ਵੇਲੇ ਦੁਪਹਿਰ 12 ਵਜੇ ਸਾਹਮਣੋ ਆ ਰਹੀ ਬੱਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਮੌਕੇ ‘ਤੇ 4 ਲੋਕਾਂ ਦੀ ਮੌਤ ਹੋ ਗਈ, ਜਿਸ ਵਿੱਚ ਇੱਕ ਛੋਟੀ ਬੱਚੀ ਵੀ ਸ਼ਾਮਲ ਹੈ।
ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਹਾਦਸੇ ‘ਚ ਸੂਰਜਵੀਰ ਸਿੰਘ, ਉਸ ਦੀ ਪਤਨੀ ਮਨਦੀਪ ਕੌਰ ਅਤੇ ਮਾਂ ਕੁਲਦੀਪ ਕੌਰ, 1 ਸਾਲ ਦੀ ਭਾਣਜੀ ਬਾਣੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਸੂਰਜਵੀਰ ਸਿੰਘ ਦੀ ਭੈਣ ਮਨਵੀਰ ਕੌਰ ਨੂੰ ਜ਼ਖਮੀ ਹਾਲਤ ‘ਚ ਸ਼੍ਰੀਗੰਗਾਨਗਰ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਮ੍ਰਿਤਕ ਸੂਰਜਵੀਰ ਸਿੰਘ ਅਤੇ ਮਨਦੀਪ ਕੌਰ ਦਾ ਵਿਆਹ 2 ਮਹੀਨੇ ਪਹਿਲਾਂ ਹੀ ਹੋਇਆ ਸੀ। ਭੈਣ ਮਨਵੀਰ ਕੌਰ ਕੈਨੇਡਾ ਤੋਂ ਆਪਣੇ ਰਿਸ਼ਤੇਦਾਰ ਦਾ ਵਿਆਹ ਵੇਖਣ ਲਈ ਪੰਜਾਬ ਆਈ ਸੀ।
