*ਭਾਸ਼ਾ ਵਿਭਾਗ ਵੱਲੋਂ ਸਾਵਣ ਕਵੀ ਦਰਬਾਰ ਦਾ ਆਯੋਜਨ*

0
27

ਮਾਨਸਾ, 20 ਜੁਲਾਈ (ਸਾਰਾ ਯਹਾਂ/ ਮੁੱਖ ਸੰਪਾਦਕ ): ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਮਾਨਸਾ ਵਲੋਂ ਸਾਵਣ ਕਵੀ ਦਰਬਾਰ ਦਾ ਆਯੋਜਨ ਸਥਾਨਕ ਬੱਚਤ ਭਵਨ ਵਿਖੇ ਪੰਜਾਬ ਕਲਾ ਪ੍ਰੀਸ਼ਦ ਦੇ ਜਨਰਲ ਸਕੱਤਰ ਉੱਘੇ ਕਵੀ ਡਾ. ਲਖਵਿੰਦਰ ਜੌਹਲ  ਦੀ ਪ੍ਰਧਾਨਗੀ ਹੇਠ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸਨਰ (ਜ) ਸ੍ਰੀ ਉਪਕਾਰ ਸਿੰਘ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਸ੍ਰੀ ਰਘਬੀਰ ਸਿੰਘ ਮਾਨ ਨੇ ਸ਼ਿਰਕਤ ਕੀਤੀ।
ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀਮਤੀ ਤੇਜਿੰਦਰ ਕੌਰ ਨੇ ਭਾਸ਼ਾ ਵਿਭਾਗ ਦੀਆਂ ਸਕੀਮਾਂ ਅਤੇ ਕਾਰਜਾਂ ਨੂੰ ਸਭ ਨਾਲ ਸਾਂਝਾ ਕੀਤਾ। ਖੋਜ ਅਫ਼ਸਰ ਸ਼ਾਇਰ ਗੁਰਪ੍ਰੀਤ ਨੇ ਮਾਨਸਾ ਦੀ ਕਵਿਤਾ ਬਾਰੇ ਬੋਲਦਿਆਂ ਕਿਹਾ ਕਿ ਇਸ ਖਿੱਤੇ ਦੀ ਕਵਿਤਾ ਲੋਕ-ਪੱਖੀ ਹੋਣ ਦੇ ਨਾਲ ਸੁਹਜਮਈ ਅਤੇ ਆਪਣੇ ਵੱਖਰੇ ਮੁਹਾਵਰੇ ਕਰਕੇ ਜਾਣੀ ਜਾਂਦੀ ਹੈ। ਇਸ ਮੌਕੇ ਉਨ੍ਹਾ ਮਰਹੂਮ ਸ਼ਾਇਰ ਰਾਮ ਸਿੰਘ ਚਾਹਲ ਅਤੇ ਦੇਵਨੀਤ ਦੀ ਕਵਿਤਾ ਦਾ ਜ਼ਿਕਰ ਕੀਤਾ।
ਇਸ ਕਵੀ ਦਰਬਾਰ ਵਿਚ ਜ਼ਿਲ੍ਹੇ ਦੇ ਪੰਦਰਾਂ ਕਵੀਆਂ ਨੇ ਭਾਗ ਲਿਆ ਜਿਸ ਵਿਚ ਰਾਜਵਿੰਦਰ ਮੀਰ, ਤਨਵੀਰ, ਬਲਵੰਤ ਭਾਟੀਆ, ਬਲਰਾਜ ਨੰਗਲ, ਸੁਖਚਰਨ ਸੱਦੇਵਾਲੀਆ, ਅੰਮ੍ਰਿਤ ਸਮਿਤੋਜ, ਅਵਤਾਰ ਖਹਿਰਾ, ਅਵਤਾਰ ਦੋਦੜਾ, ਸੀਮਾ ਜਿੰਦਲ, ਕੁਲਵਿੰਦਰ ਬੱਛੋਆਣਾ, ਜਗਤਾਰ ਲਾਡੀ, ਦਿਲਬਾਗ ਰਿਉਂਦ, ਲਖਵਿੰਦਰ ਹਾਕਮਵਾਲਾ ਅਤੇ ਵੀਰਪਾਲ ਕਮਲ ਨੇ ਆਪੋ ਆਪਣੇ ਰੰਗ ਦੀਆਂ ਖੂਬਸੂਰਤ ਕਵਿਤਾਵਾਂ ਦਾ ਪਾਠ ਕੀਤਾ। ਇਸ ਉਪਰੰਤ ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਉਪਕਾਰ ਸਿੰਘ ਨੇ ਪੜ੍ਹੀਆਂ ਗਈਆਂ ਕਵਿਤਾਵਾਂ ’ਤੇ ਚਰਚਾ ਕਰਨ ਦੇ ਨਾਲ ਨਾਲ ਆਪਣੀਆਂ ਦੋ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ।
ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਸਾਉਣ ਮਹੀਨਾ ਵੀ ਆਲੇ ਦੁਆਲੇ ਨੂੰ ਧੋ ਦਿੰਦਾ ਹੈ ਤੇ ਇਸੇ ਤਰ੍ਹਾਂ ਕਵਿਤਾ ਬੰਦੇ ਦੇ ਅੰਦਰ ਨੂੰ ਨਿਖਾਰ ਦਿੰਦੀ ਹੈ। ਕਵਿਤਾ ਬੰਦੇ ਦੇ ਸੁੱਖ-ਦੁੱਖ ਨੂੰ ਆਪਣੇ ਤਰੀਕੇ  ਨਾਲ ਦਰਸਾਉਂਦੀ ਹੈ। ਇਸ ਮੌਕੇ ਉਹਨਾਂ ਨੇ ਆਪਣੀ ਨਵੀਂ ਕਵਿਤਾ ‘ਰੋਟੀ ਅਤੇ ਭਾਸ਼ਾ‘ ਨੂੰ ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ।
ਇਸ ਸਮਾਗਮ ਵਿੱਚ ਮਹਿੰਦਰਪਾਲ ਬਰੇਟਾ, ਜਸਬੀਰ ਢੰਡ, ਹਰਿੰਦਰ ਮਾਨਸ਼ਾਹੀਆ, ਕੁਲਦੀਪ ਪਰਮਾਰ, ਗੁਲਾਬ ਸਿੰਘ, ਪ੍ਰੋ. ਬਲਮ ਲੀਂਬਾ, ਜਸਪਾਲ ਸਿੰਘ, ਬਿੱਕਰ ਮਘਾਣੀਆਂ, ਨਿਰਮਲ ਮੌਜੀਆ, ਰਜਿੰਦਰ ਸੋਨੀ ਅਤੇ ਸਕੂਲਾਂ/ਕਾਲਜਾਂ ਦੇ ਵਿਦਿਆਰਥੀ ਸ਼ਾਮਲ ਸਨ।  

LEAVE A REPLY

Please enter your comment!
Please enter your name here