
ਨਵੀਂ ਦਿੱਲੀ: ਚੀਨ ਖਿਲਾਫ ਦੇਸ਼ ਭਰ ‘ਚ ਗੁੱਸਾ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਹਰ ਰੋਜ਼ ਚੀਨੀ ਸਾਮਾਨ ਤੇ ਕੰਪਨੀਆਂ ਦੇ ਬਾਈਕਾਟ ਦੀਆਂ ਖਬਰਾਂ ਆ ਰਹੀਆਂ ਹਨ। ਇਸੇ ਤਰ੍ਹਾਂ ਅੱਜ ਬਿਜਲੀ ਮੰਤਰੀ ਆਰਕੇ ਸਿੰਘ ਨੇ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਹੈ ਕਿ ਜੋ ਦੇਸ਼ ਸਾਡੇ ਸੈਨਿਕਾਂ ਨੂੰ ਮਾਰਦਾ ਹੈ ਤੇ ਸਾਡੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰਦਾ ਹੈ, ਉਸ ਤੋਂ ਕੋਈ ਵੀ ਸਾਮਾਨ ਖਰੀਦਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
“ਭਾਰਤ ‘ਚ ਬਣੇ ਉਪਕਰਣ ਨੂੰ ਬਾਹਰੋਂ ਨਾ ਖਰੀਦੋ”
ਕੇਂਦਰੀ ਬਿਜਲੀ ਮੰਤਰੀ ਨੇ ਇਹ ਬਿਆਨ ਰਾਜ ਦੇ ਬਿਜਲੀ ਮੰਤਰੀਆਂ ਨਾਲ ਚੀਨ ਤੋਂ ਮੰਗਵਾਏ ਜਾ ਰਹੇ ਬਿਜਲੀ ਉਪਕਰਣਾਂ ਸਬੰਧੀ ਮੀਟਿੰਗ ਦੌਰਾਨ ਦਿੱਤਾ। ਆਰਕੇ ਸਿੰਘ ਨੇ ਸਾਫ ਕਿਹਾ ਕਿ ਅਸੀਂ ਚੀਨ ਤੇ ਪਾਕਿਸਤਾਨ ਤੋਂ ਬਿਜਲੀ ਉਪਕਰਣਾਂ ਦੀ ਖਰੀਦ ਨੂੰ ਪੂਰੀ ਤਰ੍ਹਾਂ ਰੋਕਣਾ ਚਾਹੁੰਦੇ ਹਾਂ। ਦਰਾਮਦ ਨੂੰ ਰੋਕਣ ਲਈ ਚੀਨ ਤੇ ਪਾਕਿਸਤਾਨ ਨੂੰ ‘Prior Reference’ ਦੇਸ਼ਾਂ ਦੀ ਸ਼੍ਰੇਣੀ ‘ਚ ਸ਼ਾਮਲ ਕੀਤਾ ਜਾਵੇਗਾ। ਇਨ੍ਹਾਂ ਦੇਸ਼ਾਂ ਤੋਂ ਕੋਈ ਵੀ ਸਾਮਾਨ ਪ੍ਰਾਪਤ ਕਰਨ ਲਈ ਪਹਿਲਾਂ ਸਰਕਾਰੀ ਇਜਾਜ਼ਤ ਲੈਣੀ ਪੈਂਦੀ ਹੈ।
ਸੌਰ ਊਰਜਾ ਉਪਕਰਣਾਂ ‘ਤੇ ਡਿਊਟੀ ਵਧਾਈ ਗਈ:
ਸਰਕਾਰ ਨੇ ਹਾਲ ਹੀ ਵਿੱਚ ਭਾਰਤ ਵਿੱਚ ਸੌਰ ਊਰਜਾ ਵਿੱਚ ਵਰਤੇ ਜਾਣ ਵਾਲੇ ਚੀਨੀ ਉਪਕਰਣਾਂ ਦੇ ਡੰਪਿੰਗ ਨੂੰ ਰੋਕਣ ਲਈ ਮੁਢਲੀ ਕਸਟਮ ਡਿਊਟੀ ਵਧਾਉਣ ਦਾ ਫੈਸਲਾ ਕੀਤਾ ਹੈ। ਕਸਟਮ ਡਿਊਟੀ 25 ਪ੍ਰਤੀਸ਼ਤ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ, ਜੋ ਕਿ 1 ਅਗਸਤ ਤੋਂ ਲਾਗੂ ਹੋਵੇਗੀ। ਅਗਲੇ ਸਾਲ ਇਸ ਨੂੰ ਵਧਾ ਕੇ 40 ਪ੍ਰਤੀਸ਼ਤ ਕਰ ਦਿੱਤਾ ਜਾਵੇਗਾ। ਦੇਸ਼ ਵਿੱਚ ਸੂਰਜੀ ਊਰਜਾ ਉਪਕਰਣਾਂ ਦਾ ਲਗਪਗ 80 ਪ੍ਰਤੀਸ਼ਤ ਚੀਨ ਤੇ ਹੋਰਨਾਂ ਦੇਸ਼ਾਂ ਤੋਂ ਲਿਆ ਜਾਂਦਾ ਹੈ।
