
ਮੁੰਬਈ 22 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਡਰੱਗਸ ਕੇਸ ‘ਚ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਭਾਰਤੀ ਨੂੰ ਬਾਯੂਕਲਾ ਜੇਲ੍ਹ ਲਿਆਂਦਾ ਗਿਆ ਜਿਥੇ ਉਹ 4 ਦਸੰਬਰ ਤੱਕ ਰਹੇਗੀ। ਇਸ ਦੇ ਨਾਲ ਹੀ ਉਸ ਦਾ ਪਤੀ ਤਲੋਜਾ ਜੇਲ੍ਹ ‘ਚ ਰਹੇਗਾ। ਨਿਆਂਇਕ ਹਿਰਾਸਤ ਵਿੱਚ ਭੇਜਣ ਤੋਂ ਤੁਰੰਤ ਬਾਅਦ ਦੋਵਾਂ ਨੇ ਵਕੀਲ ਅਯਾਜ਼ ਖਾਨ ਰਾਹੀਂ ਜ਼ਮਾਨਤ ਪਟੀਸ਼ਨਾਂ ਦਾਇਰ ਕੀਤੀਆਂ।

ਮੈਜਿਸਟਰੇਟ ਦੀ ਅਦਾਲਤ ਇਨ੍ਹਾਂ ਪਟੀਸ਼ਨਾਂ ‘ਤੇ ਸੋਮਵਾਰ 23 ਨਵੰਬਰ ਨੂੰ ਸੁਣਵਾਈ ਕਰੇਗੀ। ਐਨਸੀਬੀ ਦੇ ਵਕੀਲ ਅਤੁਲ ਸਰਪਾਂਡੇ ਨੇ ਮੀਡੀਆ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਅਤੇ ਹਰਸ਼ ਦੀ ਕੱਲ੍ਹ ਸੈਸ਼ਨ ਕੋਰਟ ਵਿੱਚ ਸੁਣਵਾਈ ਹੋਵੇਗੀ। ਅਸੀਂ ਕਿਹਾ ਸੀ ਕਿ ਸਾਨੂੰ ਹੋਰ ਜਾਂਚ ਕਰਨੀ ਹੈ, ਇਸੇ ਲਈ ਅਸੀਂ ਹਿਰਾਸਤ ਮੰਗੀ।

ਉਨ੍ਹਾਂ ਕਿਹਾ ਥੋੜੀ ਮਾਤਰਾ ਵਿੱਚ ਗਾਂਜਾ ਬਰਾਮਦ ਹੋਣ ਕਾਰਨ ਦੋਵਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਫਾਇਨੈਨਸ਼ੀਅਲ ਡੀਲਿੰਗ ਦੀ ਜਾਂਚ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਸਾਡੀ ਗੱਲ ਨਹੀਂ ਸੁਣੀ ਅਤੇ ਹਿਰਾਸਤ ਨਹੀਂ ਦਿੱਤੀ। ਭਾਰਤੀ ਅਤੇ ਹਰਸ਼ ਦੇ ਨਾਲ ਦੋ ਨਸ਼ਾ ਤਸਕਰਾਂ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਨ੍ਹਾਂ ਨਸ਼ਾ ਤਸਕਰਾਂ ਨੂੰ ਪੁਲਿਸ ਹਿਰਾਸਤ ‘ਚ ਰੱਖਣ ਦਾ ਫੈਸਲਾ ਲਿਆ ਗਿਆ ਹੈ।
