ਮੌੜ ਮੰਡੀ, 03 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਬਠਿੰਡਾ ਮਾਨਸਾ ਰੋਡ ਨੇੜੇ ਘੁੰਮਣ ਕਲਾਂ ਸੁੱਖਾ ਸਿੰਘ ਵਾਲੇ ਕੋਲ ਲੱਗਿਆ ਗੈਰ ਕਾਨੂੰਨੀ ਟੋਲ ਪਲਾਜ਼ਾ ਨੂੰ ਢਾਹ ਦਿੱਤਾ ਗਿਆ। ਇਸ ਟੋਲ ਪਲਾਜੇ ਨੂੰ ਹਟਾਉਣ ਲਈ ਕਿਸਾਨ ਯੂਨੀਅਨ ਵੱਲੋਂ ਪਹਿਲਾਂ ਵੀ ਕਈ ਵਾਰ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦਿੱਤਾ ਗਿਆ ਸੀ। ਇਸ ਮੌਕੇ ਰੇਸ਼ਮ ਸਿੰਘ ਯਾਤਰੀ, ਜਗਦੇਵ ਸਿੰਘ ਭੈਣੀ ਬਾਘਾ, ਮਖਤਿਆਰ ਸਿੰਘ ਰਾਜਗੜ੍ਹ ਕੁੱਬੇ ਨੇ ਦੱਸਿਆ ਕਿ 19 ਜੁਲਾਈ ਨੂੰ ਡਿਪਟੀ ਕਮਿਸ਼ਨਰ ਨੂੰ ਅਰਜੀ ਦਿੱਤੀ ਗਈ ਸੀ ਕਿ ਜੇਕਰ ਇਹ ਟੋਲ ਪਲਾਜਾ ਸੜਕ ਤੋਂ ਨਾ ਹਟਾਇਆ ਗਿਆ ਤਾਂ ਉਹ 2 ਅਗਸਤ ਨੂੰ ਇਸ ਟੋਲ ਪਲਾਜੇ ਨੂੰ ਪੱਟਣ ਲਈ ਮਜਬੂਰ ਹੋਣਗੇ। ਇਸ ਸਬੰਧੀ ਕੋਈ ਕਾਰਵਾਈ ਨਾ ਹੋਣ ’ਤੇ ਅੱਜ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਟੋਲ ਪਲਾਜ਼ੇ ਨੂੰ ਢਾਹ ਦਿੱਤਾ ਗਿਆ।
2014-15 ’ਚ ਜਦੋਂ ਇਹ ਟੋਲ ਪਲਾਜਾ ਗੈਰ ਕਾਨੂੰਨੀ ਢੰਗ ਨਾਲ ਜੀਟੀ ਰੋਡ ’ਤੇ ਲਗਾਇਆ ਜਾ ਰਿਹਾ ਸੀ ਉਸ ਸਮੇਂ ਵੀ ਲੋਕਾਂ ਵੱਲੋਂ ਇਸ ਦਾ ਵਿਰੋਧ ਕਰਕੇ ਮੰਗ ਕੀਤੀ ਸੀ ਕਿ ਇਹ ਟੋਲ ਪਲਾਜਾ ਨਹੀਂ ਲੱਗਣਾ ਚਾਹੀਦਾ ਪਰ ਪ੍ਰਸ਼ਾਸਨ ਨੇ ਉਹਨਾਂ ਨੂੰ ਵਿਸ਼ਵਾਸ਼ ’ਚ ਲੈ ਕੇ ਸੜਕ ਵਿਚਾਲੇ ਉਸਾਰੀ ਸ਼ੁਰੂ ਕਰਵਾ ਦਿੱਤੀ। ਇਸ ਬਾਰੇ ਜਦੋਂ ਸਿੱਧੂਪੁਰ ਜਥੇਬੰਦੀ ਨੂੰ ਪਤਾ ਲੱਗਿਆ ਤਾਂ ਇਸ ਦਾ ਵਿਰੋਧ ਕਰਕੇ ਕੰਮ ਰੁਕਵਾ ਦਿੱਤਾ ਗਿਆ ਸੀ। ਇਹ ਟੋਲ ਪਲਾਜ਼ਾ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਸੀ ਅਤੇ ਹਰ ਰੋਜ਼ ਅਕਸਰ ਭਿਆਨਕ ਐਕਸੀਡੈਂਟ ਇਸ ਟੋਲ ਪਲਾਜੇ ’ਤੇ ਹੁੰਦੇ ਰਹਿੰਦੇ ਹਨ। ਰਹਿੰਦਾ ਟੋਲ ਪਲਾਜਾ ਸੋਮਵਾਰ ਨੂੰ ਢਾਹ ਦਿੱਤਾ ਜਾਵੇਗਾ।
ਇਸ ਮੌਕੇ ਸਮਾਜ ਸੇਵੀ ਬਲਵੀਰ ਸਿੰਘ ਭਾਈ ਦੇਸ਼ਾਂ ਅਤੇ ਆਗੂ ਬਲਵਿੰਦਰ ਸਿੰਘ ਮਾਨਸਾ, ਬਲਵਿੰਦਰ ਸਿੰਘ ਜੋਧਪੁਰ, ਰੇਸ਼ਮ ਸਿੰਘ ਯਾਤਰੀ, ਅਮਰਜੀਤ ਸਿੰਘ ਯਾਤਰੀ ਗੁਰਾਂ ਦਿੱਤਾ ਸਿੰਘ , ਮਾਈਸਰਖਾਨਾ ਰਾਜਾ ਸਿੰਘ ਘੁੰਮਣ , ਭੋਲਾ ਸਿੰਘ ਮੌੜ ਚੜਤ, ਮਲਕੀਤ ਸਿੰਘ ਜੋਧਪੁਰ ਪਾਖਰ , ਕਰਨੈਲ ਸਿੰਘ ਯਾਤਰੀ ,ਜੱਗਾ ਸਿੰਘ ਮੌੜ ਕਲਾਂ ਮਿੱਠੂ ਸਿੰਘ ਕੁੱਬੇ, ਕਰਨੈਲ ਸਿੰਘ ਮੌੜ ਖੁਰਦ ਪਿਆਰਾ ਸਿੰਘ ਥੰਮਣਗੜ੍ਹ ਜਗਤਾਰ ਸਿੰਘ ਰਾਮਨਗਰ , ਹਰਪ੍ਰੀਤ ਸਿੰਘ ਬੁਰਜ, ਬਲਜੀਤ ਸਿੰਘ ਸੰਦੋਹਾ ਆਦਿ ਆਗੂ ਮੌਕੇ ਤੇ ਹਾਜ਼ਰ ਸਨ ਅਤੇ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਅਤੇ ਆਗੂ ਹਾਜ਼ਰ ਸਨ।