ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਕੀਤੀ ਭਰਵੀਂ ਕਾਨਫਰੰਸ

0
30

ਸਰਦੂਲਗੜ੍ਹ 27 ਮਾਰਚ (ਸਾਰਾ ਯਹਾਂ/ਬਲਜੀਤ ਪਾਲ) : ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਦੇ ਖ਼ਿਲਾਫ਼ ਕਿਸਾਨਾਂ ਦਾ ਸੰਘਰਸ਼ ਪਿਛਲੇ ਚਾਰ ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ ਹੈ । ਇਸੇ ਸੰਘਰਸ਼ ਦੀ ਇੱਕ ਕੜੀ ਵਜੋਂ ਕਿਸਾਨ ਯੂਨੀਅਨ ਸਿੱਧੂਪੁਰ ਨੇ ਕਸਬੇ ਦੇ ਪਿੰਡ ਜਟਾਣਾ ਕਲਾਂ ਵਿਖੇ ਇਕ ਭਰਵੀਂ ਕਾਨਫਰੰਸ ਕੀਤੀ । ਇਹ ਕਾਨਫ਼ਰੰਸ ਕਿਸਾਨੀ ਸੰਘਰਸ਼ ਦੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਸਨਮਾਨਤ ਕਰਨ ਲਈ ਅਤੇ 26 ਜਨਵਰੀ ਨੂੰ ਦਿੱਲੀ ਵਿਖੇ ਹੋਏ ਟਰੈਕਟਰ ਮਾਰਚ ਦੇ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ ਹੋਣ ਉਪਰੰਤ ਉਨ੍ਹਾਂ ਨੂੰ ਸਨਮਾਨਤ ਕਰਨ ਲਈ ਕੀਤੀ ਗਈ । ਇਸ ਕਾਨਫ਼ਰੰਸ ਵਿਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਇਸ ਕਾਨਫਰੰਸ ਦੇ ਦੌਰਾਨ ਕਿਸਾਨੀ ਸੰਘਰਸ਼ ਦੇ ਵਿਚ ਤਹਿਸੀਲ ਸਰਦੂਲਗੜ੍ਹ ਦੇ ਸ਼ਹੀਦ ਕਿਸਾਨਾਂ ਧੰਨਾ ਸਿੰਘ ਖਿਆਲੀ ਚਹਿਲਾਂਵਾਲੀ ਜਤੇਂਦਰ ਸਿੰਘ ਫੱਤਾ ਮਾਲੋਕਾ ਗੁਰਮੀਤ ਸਿੰਘ ਧਿੰਗੜ ਸੁਖਵਿੰਦਰ ਸਿੰਘ ਨੰਦਗਡ਼੍ਹ ਦੇ ਪਰਿਵਾਰਾਂ ਨੂੰ ਸਨਮਾਨਤ ਕੀਤਾ ਗਿਆ ਅਤੇ ਨਾਲ ਹੀ 26 ਜਨਵਰੀ ਦੀ ਹਿੰਸਕ ਕਾਰਵਾਈ ਦੌਰਾਨ ਗ੍ਰਿਫ਼ਤਾਰ ਕੀਤੇ ਗਏ 10 ਕਿਸਾਨਾਂ ਰਮਨਦੀਪ ਸਿੰਘ ਜਟਾਣਾ ਕਲਾਂ, ਜਸਵਿੰਦਰ ਸਿੰਘ ਜਟਾਣਾ ਕਲਾਂ, ਲਵਪ੍ਰੀਤ ਸਿੰਘ ਭਲਾਈਕੇ, ਜਸਵਿੰਦਰ ਸਿੰਘ ਪੇਰੋਂ, ਸੁਖਰਾਜ ਸਿੰਘ ਪੇਰੋਂ, ਰੁਪਿੰਦਰ ਸਿੰਘ ਪੇਰੋਂ, ਓਵਰਸੀਰ ਸਿੰਘ ਪੇਰੋਂ, ਕੁਲਦੀਪ ਸਿੰਘ ਪੇਰੋਂ, ਗੁਰਸੇਵਕ ਸਿੰਘ ਕੋਟੜਾ, ਸੁਖਜਿੰਦਰ ਸਿੰਘ ਕੋਟੜਾ ਨੁੂੰ ਰਿਹਾਈ ਹੌਣ ਉਪਰੰਤ ਸਨਮਾਨਿਤ ਕੀਤਾ ਗਿਆ । ਇਸ ਸਨਮਾਨ ਸਮਾਰੋਹ ਦੇ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਦੇ ਕੇਸ ਲੜਨ ਵਾਲੇ ਵਕੀਲ ਪਰਮਬੀਰ ਸਿੰਘ ਭੁੱਲਰ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਆ ਗਿਆ । ਇਸੇ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਬੋਲਦਿਆਂ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਕਿਸਾਨ ਮਜ਼ਦੂਰ ਅਤੇ ਹੋਰ ਕਿਰਤੀ ਲੋਕਾਂ ਦੇ ਵਰਗ ਨੂੰ ਖ਼ਤਮ ਕਰਕੇ ਕਾਰਪੋਰੇਟ ਘਰਾਣਿਆਂ ਦੇ ਮਜ਼ਦੂਰ ਬਣਾਉਣ ਤੇ ਤੁਲੀ ਹੋਈ ਹੈ । ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਕੇਂਦਰ ਸਰਕਾਰ ਇਹ ਤਿੰਨੋਂ ਕਾਲੇ ਕਾਨੂੰਨਾਂ ਨੂੰ ਜੜ੍ਹ ਤੋਂ ਰੱਦ ਕਰਨ ਦੀ ਗੱਲ ਨਹੀਂ ਕਰਦੀ ਉਨ੍ਹਾਂ ਸਮਾਂ ਇਹ ਕਿਸਾਨੀ ਸੰਘਰਸ਼ ਚੱਲਦਾ ਰਹੇਗਾ । ਇਸੇ ਦੌਰਾਨ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਬੋਲਦਿਆਂ ਕਿਹਾ ਕਿ ਲੋਕ ਬੀਜੇਪੀ ਦੇ ਖਰੀਦੇ ਹੋਏ ਕੁਝ ਕੁ ਟੀ ਵੀ ਚੈਨਲਾਂ ਉੱਪਰ ਯਕੀਨ ਕਰਕੇ ਇਹ ਨਾ ਸੋਚਣ ਕਿ ਕਿਸਾਨੀ ਸੰਘਰਸ਼ ਦੱਬ ਗਿਆ ਹੈ ਇਹ ਵਿਕਾਊ ਮੀਡੀਆ ਚੈਨਲ ਕੇਂਦਰ ਸਰਕਾਰ ਦੀ ਭਾਸ਼ਾ ਬੋਲ ਰਹੇ ਹਨ । ਉਨ੍ਹਾਂ ਕਿਸਾਨ ਮਜ਼ਦੂਰ ਅਤੇ ਛੋਟੇ ਵਪਾਰੀਆਂ ਨੂੰ ਕੇਂਦਰ ਸਰਕਾਰ ਦੇ ਖਿਲਾਫ ਚੱਲ ਰਹੇ ਇਸ ਸੰਘਰਸ਼ ਵਿੱਚ ਡਟੇ ਰਹਿਣ ਦਾ ਸੱਦਾ ਦਿੱਤਾ । ਇਸ ਮੌਕੇ ਤੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ , ਮਹਿਮਾ ਸਿੰਘ ਬਲਾਕ ਪ੍ਰਧਾਨ ਤਲਵੰਡੀ ਸਰਕਲ, ਹਰਜੀਤਪਾਲ ਸਿੰਘ ਸਰਦੂਲਗੜ੍ਹ, ਬੁੱਧ ਸਿੰਘ ਮਲਕੋ, ਹਰਜਿੰਦਰ ਸਿੰਘ ਭੀਮੜਾ ਪ੍ਰਧਾਨ ਬੁਢਲਾਡਾ ਬਲਾਕ, ਸਤਵੰਤ ਸਿੰਘ ਜ਼ਿਲ੍ਹਾ ਖ਼ਜ਼ਾਨਚੀ, ਮਲਕੀਤ ਸਿੰਘ ਬਲਾਕ ਪ੍ਰਧਾਨ ਝੁਨੀਰ, ਗੁਰਤੇਜ ਸਿੰਘ ਬਲਾਕ ਪ੍ਰਧਾਨ ਮਾਨਸਾ, ਅਵਤਾਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਪਰਵਿੰਦਰ ਸਿੰਘ ਬਲਾਕ ਜਨਰਲ ਸਕੱਤਰ ਭੀਖੀ ਤੋ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਅੌਰਤਾਂ ਅਤੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ ।

LEAVE A REPLY

Please enter your comment!
Please enter your name here