![](https://sarayaha.com/wp-content/uploads/2025/01/dragon.png)
ਫਗਵਾੜਾ 11 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਰ ਪਿੰਡ ਚੱਕ ਹਕੀਮ ਫਗਵਾੜਾ ਦੀ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ ਦਾ ਸ਼ੁਗਰ ਮਿਲ ਚੌਕ ਜੀਟੀ ਰੋਡ ਫਗਵਾੜਾ ਪੁੱਜਣ ਤੇ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਸਰਕਲ ਫਗਵਾੜਾ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲੇ ਭੇਂਟ ਕੀਤੇ ਗਏ। ਯੂਨੀਅਨ ਵਲੋਂ ਸ਼ੋਭਾ ਯਾਤਰਾ ਵਿਚ ਸ਼ਾਮਲ ਸੰਗਤਾਂ ਲਈ ਫਲ ਅਤੇ ਮਿਨਰਲ ਵਾਟਰ ਦਾ ਲੰਗਰ ਲਗਾਇਆ ਗਿਆ। ਜਿਸ ਦੀ ਅਰੰਭਤਾ ਐਸ.ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਵਲੋਂ ਕਰਵਾਈ ਗਈ। ਐਸ.ਪੀ. ਭੱਟੀ ਨੇ ਸਮੂਹ ਸੰਗਤ ਨੂੰ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਗੁਰੂ ਮਹਾਰਾਜ ਨੇ ਆਪਸੀ ਭਾਈਚਾਰੇ ਨਾਲ ਰਹਿਣ ਦਾ ਜੋ ਉਪਦੇਸ਼ ਦਿੱਤਾ ਹੈ, ਸਾਨੂੰ ਉਸ ਤੇ ਅਮਲ ਕਰਨਾ ਚਾਹੀਦਾ ਹੈ। ਉਹਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਫਗਵਾੜਾ ਦੀ ਅਮਨ ਸ਼ਾਂਤੀ ਵਿਚ ਪੁਲਿਸ ਦਾ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ। ਸੀਨੀਅਰ ਕਿਸਾਨ ਆਗੂ ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ ਅਤੇ ਗੁਰਪਾਲ ਸਿੰਘ ਪਾਲਾ ਪ੍ਰੈਸ ਸਕੱਤਰ ਨੇ ਵੀ ਸਮੂਹ ਸੰਗਤ ਨੂੰ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਅਗਲੇ ਸਾਲ ਗੰਨੇ ਦੇ ਰਸ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਮੇਅਰ ਰਾਮਪਾਲ ਉੱਪਲ, ਆਪ ਪਾਰਟੀ ਦੇ ਸੂਬਾ ਸਪੋਕਸ ਪਰਸਨ ਹਰਜੀ ਮਾਨ, ਐਨ.ਆਰ.ਆਈ. ਬੇਬੀ ਇਟਲੀ ਅਤੇ ਅਮਰਜੀਤ ਸਿੰਘ ਯੂ.ਐਸ.ਏ. ਤੋਂ ਇਲਾਵਾ ਬਲਵਿੰਦਰ ਸਿੰਘ, ਕੁਲਦੀਪ ਸਿੰਘ, ਨਰਿੰਦਰ ਸਿੰਘ ਗੋਲਡੀ ਸਮੇਤ ਅਠੌਲੀ, ਮਾਨਾਂਵਾਲੀ ਤੇ ਜਗਤਪੁਰ ਜੱਟਾਂ ਦੀਆਂ ਸੰਗਤਾਂ ਹਾਜਰ ਸਨ।
![](https://sarayaha.com/wp-content/uploads/2024/08/WhatsAppVideo2024-08-31at21.29.05_2cf3b751-ezgif.com-added-text-1-1.gif)