ਮਾਨਸਾ 20 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ)ਅੱਜ ਜਿਲਾ ਮਾਨਸਾ ਦੇ ਪਿੰਡ ਫਫੜੇ ਭਾਈਕੇ ਦੇ ਗੁਰਦੁਆਰਾ ਸਾਹਿਬ ਵਿਖੇ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਲਈ ਜਿਲ੍ਹੇ ਦਾ ਇਜਲਾਸ ਹੋਇਆ। ਇਸ ਵਿੱਚ ਮਾਨਸਾ ਜ਼ਿਲ੍ਹੇ ਦੇ ਸਾਰੇ ਬਲਾਕਾਂ ਤੋਂ ਕਿਸਾਨ ਅਤੇ ਬੀਬੀਆਂ ਸ਼ਾਮਲ ਹੋਏ। ਜਥੇਬੰਦੀ ਦਾ ਇਜਲਾਸ ਕਿਸਾਨ ਘੋਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਸੁਰੂ ਹੋਇਆ।
ਜ਼ਿਲਾ ਜਨਰਲ ਸਕੱਤਰ ਬਲਵਿੰਦਰ ਸ਼ਰਮਾ ਨੇ ਪਿਛਲੇ ਸਮੇਂ ਦੀਆਂ ਜਥੇਬੰਦਕ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ। ਇਸ ਰਿਪੋਰਟ ਤੇ ਹਾਜ਼ਰ ਡੈਲੀਗੇਟਾਂ ਨੇ ਬਹਿਸ ਕੀਤੀ। ਉਪਰੰਤ ਜਨਰਲ ਸਕੱਤਰ ਦੀ ਰਿਪੋਰਟ ਸਰਬ ਸੰਮਤੀ ਨਾਲ ਪਾਸ ਕੀਤੀ ਗਈ। ਉਸ ਤੋਂ ਬਾਅਦ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਲਈ ਡੈਲੀਗੇਟ ਇਜਲਾਸ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਦੀ ਨਿਗਰਾਨੀ ਹੇਠ ਸ਼ੁਰੂ ਹੋਇਆ। ਇਜਲਾਸ ਵਿੱਚ ਪੁਰਾਣੀ ਜ਼ਿਲਾ ਕਮੇਟੀ ਭੰਗ ਕਰ ਕੇ ਨਵੀਂ ਕਮੇਟੀ ਦੀ ਚੋਣ ਕਰਵਾਈ ਗਈ। ਜਿਸ ਵਿੱਚ ਸਰਬਸੰਮਤੀ ਨਾਲ ਲਖਵੀਰ ਸਿੰਘ ਅਕਲੀਆ ਨੂੰ ਪ੍ਰਧਾਨ, ਤਾਰਾ ਚੰਦ ਬਰੇਟਾ ਨੂੰ ਜਨਰਲ ਸਕੱਤਰ, ਦੇਵੀ ਰਾਮ ਰੰਘੜਿਆਲ ਨੂੰ ਖਜ਼ਾਨਚੀ, ਬਲਵਿੰਦਰ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ, ਜਗਦੇਵ ਸਿੰਘ ਕੋਟਲੀ ਕਲਾਂ ਨੂੰ ਮੀਤ ਪ੍ਰਧਾਨ, ਬਲਕਾਰ ਸਿੰਘ ਚਹਿਲਾਂ ਵਾਲੀ ਮੀਤ ਪ੍ਰਧਾਨ, ਹਰਬੰਸ ਸਿੰਘ ਟਾਂਡੀਆਂ ਨੂੰ ਪ੍ਰੈੱਸ ਸਕੱਤਰ ਅਤੇ ਗੁਰਚਰਨ ਸਿੰਘ ਅਲੀਸ਼ੇਰ ਨੂੰ ਕਮੇਟੀ ਮੈਂਬਰ ਅਤੇ ਗੁਰਜੰਟ ਸਿੰਘ ਮੰਘਾਣੀਆਂ ਨੂੰ ਸਰਪ੍ਰਸਤ ਕਮੇਟੀ ਮੈਂਬਰ ਚੁਣਿਆ ਗਿਆ।
ਚੁਣੀ ਗਈ ਨਵੀਂ ਜ਼ਿਲ੍ਹਾ ਕਮੇਟੀ ਨੇ ਜਥੇਬੰਦੀ ਦੇ ਕੰਮ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਨ ਦਾ ਵਿਸ਼ਵਾਸ ਦਿਵਾਇਆ। ਇਕੱਠ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੁੱਲਰੀਆਂ ਦੇ ਕਿਸਾਨਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਬਹਾਲ ਕਰਨ, ਸਰਪੰਚ ਰਾਜਵੀਰ ਸਿੰਘ ਨੂੰ ਗਿਰਫ਼ਤਾਰ ਕਰ ਕੇ ਕਿਸਾਨਾਂ ਦੇ ਘਰੀਂ ਛਾਪੇਮਾਰੀ ਬੰਦ ਕਰਨ ਅਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਖਾੜਾ, ਭੂੰਦੜੀ ਅਤੇ ਭੰਗਾਲੀ ਰਾਜਪੂਤਾਂ ਵਗੈਰਾ ਪਿੰਡਾਂ ਵਿੱਚ ਲੱਗ ਰਹੀਆਂ ਪ੍ਰਦੂਸ਼ਣ ਫਲਾਉਣ ਵਾਲੀਆਂ ਗੈਸ ਫੈਕਟਰੀਆਂ ਬੰਦ ਕਰਨ ਦੀ ਮੰਗ ਕੀਤੀ। ਇਜਲਾਸ ਨੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਤਿੰਨ ਨਵੇਂ ਫੌਜਦਾਰੀ ਕਾਨੂੰਨਾਂ ਦੀ ਨੁਕਤਾਚੀਨੀ ਕਰਦੇ ਹੋਏ ਇਹਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਅਤੇ 21 ਜੁਲਾਈ ਨੂੰ ਜਲੰਧਰ ਵਿਖੇ ਹੋ ਰਹੀ ਕਨਵੈਨਸ਼ਨ ਵਿੱਚ ਭਾਗ ਲੈਣ ਦਾ ਫੈਸਲਾ ਕੀਤਾ। ਇਜਲਾਸ ਨਵੇਂ ਉਤਸਾਹ ਅਤੇ ਜਥੇਬੰਦੀ ਦੀ ਚੜ੍ਹਤ ਦੇ ਜੈਕਾਰਿਆਂ ਨਾਲ ਸਮਾਪਤ ਹੋਇਆ।