![](https://sarayaha.com/wp-content/uploads/2024/08/collage-1-scaled.jpg)
ਬੁਢਲਾਡਾ 15 ਜਨਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪਿੰਡ ਕੁਲਰੀਆਂ ਦੇ ਅਬਾਦਕਾਰ ਕਿਸਾਨਾਂ ਦੀ ਜ਼ਮੀਨ ਬਚਾਉਣ ਦੀ ਲੜਾਈ ਨੂੰ ਲੈ ਕੇ ਡੀਐਸਪੀ ਦਫ਼ਤਰ ਬੁਢਲਾਡਾ ਦੇ ਅੱਗੇ ਲੱਗਿਆ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦਾ ਪੱਕਾ ਮੋਰਚਾ ਅੱਜ ਦਸਵੇਂ ਦਿਨ ਵੀ ਜਾਰੀ ਰਿਹਾ । ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ । ਇਸਤੋਂ ਸਵਾਏ ਰੰਗਰੇਟਾ ਦਲ ਦੇ ਆਗੂ ਵੀ ਧਰਨੇ ਵਿੱਚ ਹਾਜ਼ਰ ਰਹੇ ।
ਅੱਜ ਦੇ ਧਰਨੇ ਨੂੰ ਸੰਬੋਧਨ ਕਰਨ ਵਾਸਤੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਵਿਸ਼ੇਸ ਤੌਰ ‘ਤੇ ਪੁੱਜੇ । ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਅਬਾਦਕਾਰ ਕਿਸਾਨਾਂ ਦੀ ਪੰਜਾਬ ਵਿੱਚ ਹਜਾਰਾਂ ਏਕੜ ਜ਼ਮੀਨ, ਜਿਸਦੇ ਮਾਲਕੀ ਹੱਕ ਕਿਸਾਨਾਂ ਨੂੰ ਹਰ ਹੀਲੇ ਲੈ ਕੇ ਦਿੱਤੇ ਜਾਣਗੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਵੱਖ ਵੱਖ ਨਾਂਅ ਵਰਤ ਕੇ ਹਮਲਾ ਸ਼ੁਰੂ ਕੀਤਾ ਹੋਇਆ ਹੈ, ਇਸਨੂੰ ਕਦਾਚਿੱਤ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ । ਉਨ੍ਹਾਂ ਸਰਕਾਰ ਉੱਤੇ ਤੰਜ ਕਸਦਿਆਂ ਕਿਹਾ ਕਿ ਕਿਸਾਨਾ ਉੱਤੇ ਹਮਲਾ ਕਰਨ ਵਾਲੀ ਦੋਸ਼ੀ ਧਿਰ ਨੂੰ ਹਲਕਾ ਵਿਧਾਇਕ ਅਤੇ ਆਪ ਦੀ ਸਰਕਾਰ ਦੀ ਖੁੱਲੀ ਸ਼ਹਿ ਹੈ ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਬੋਲਦਿਆਂ ਕਿਹਾ ਕਿ ਜੇ ਭਗਵੰਤ ਮਾਨ ਦੀ ਸਰਕਾਰ ਨੇ ਕਿਸਾਨਾਂ ਉੱਤੇ ਜਬਰ ਕਰਨਾ ਬੰਦ ਨਾ ਕੀਤਾ ਅਤੇ ਕੁਲਰੀਆਂ ਦੇ ਅਬਾਦਕਾਰ ਕਿਸਾਨਾਂ ਉੱਤੇ ਹਮਲਾ ਕਰਨ ਵਾਲੀ ਦੋਸ਼ੀ ਧਿਰ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮਦ ਮੌਕੇ ਵੱਖ ਵੱਖ ਜਿਲਿਆਂ ਵਿੱਚ ਉਸਦਾ ਜਥੇਬੰਦੀ ਵੱਲੋਂ ਵਿਰੋਧ ਕੀਤਾ ਜਾਵੇਗਾ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਉਂਦੀ 19 ਜਨਵਰੀ ਨੂੰ ਭਗਵੰਤ ਮਾਨ ਦੇ ਬਰਨਾਲਾ ਦੌਰੇ ਦਾ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕੀਤਾ ਜਾਵੇਗਾ ।
ਅੱਜ ਦੇ ਧਰਨੇ ਵਿੱਚ ਸੰਗਰੂਰ ਜਿਲ੍ਹੇ ਦੇ ਸੁਖਦੇਵ ਸਿੰਘ ਘਰਾਂਚੋ, ਮਹਿੰਦਰ ਸਿੰਘ ਮਾਝੀ ਸਮੇਤ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਭੁਪਿੰਦਰ ਸਿੰਘ ਗੁਰਨੇ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੀਤਾ ਰਾਮ ਗੋਬਿੰਦਪੁਰਾ, ਜਗਜੀਵਨ ਸਿੰਘ ਹਸਨਪੁਰ, ਤਾਰਾ ਚੰਦ ਬਰੇਟਾ, ਬਲਜੀਤ ਸਿੰਘ ਭੈਣੀ ਬਾਘਾ, ਸੱਤਪਾਲ ਸਿੰਘ ਵਰ੍ਹੇ, ਬੀਰਵੱਲ ਸਿੰਘ ਮਾਣਕ ਅਤੇ ਏਟਕ ਜਥੇਬੰਦੀ ਦੇ ਕਾਕਾ ਸਿੰਘ ਨੇ ਵੀ ਸੰਬੋਧਨ ਕੀਤਾ ।
![](https://sarayaha.com/wp-content/uploads/2024/08/WhatsAppVideo2024-08-31at21.29.05_2cf3b751-ezgif.com-added-text-1-1.gif)