*ਭਾਰਤੀਆਂ ਨੂੰ ਵਾਪਸ ਲਿਆਉਣ ਦੀ ਕਵਾਇਦ ਤੇਜ਼, PM ਮੋਦੀ ਨੇ ਕੀਤੀ ਹਾਈ ਲੈਵਲ ਮੀਟਿੰਗ, 4 ਕੇਂਦਰੀ ਮੰਤਰੀ ਜਾਣਗੇ ਯੂਕਰੇਨ ਦੇ ਗੁਆਂਢੀ ਦੇਸ਼ਾਂ ‘ਚ*

0
25

28,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼)  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਯੂਕਰੇਨ ਸੰਕਟ ਨੂੰ ਲੈ ਕੇ ਹਾਈ ਲੈਵਲ ਬੈਠਕ ਬੁਲਾਈ। ਸੂਤਰਾਂ ਮੁਤਾਬਕ ਕੇਂਦਰੀ ਮੰਤਰੀ ਹਰਦੀਪ ਪੁਰੀ, ਜਯੋਤਿਰਾਦਿੱਤਿਆ ਸਿੰਧੀਆ, ਕਿਰਨ ਰਿਜਿਜੂ ਤੇ ਸਾਬਕਾ ਫੌਜ ਮੁਖੀ ਵੀਕੇ ਸਿੰਘ ਉੱਥੇ ਫਸੇ ਵਿਦਿਆਰਥੀਆਂ ਦੇ ਬਚਾਅ ਕਾਰਜ ਵਿੱਚ ਮਦਦ ਲਈ ਯੂਕਰੇਨ ਦੇ ਗੁਆਂਢੀ ਮੁਲਕਾਂ ਦਾ ਦੌਰਾ ਕਰਨਗੇ। ਇਹ ਮੰਤਰੀ ਭਾਰਤ ਦੇ ਵਿਸ਼ੇਸ਼ ਦੂਤ ਵਜੋਂ ਜਾ ਰਹੇ ਹਨ।

ਰੂਸ-ਯੂਕਰੇਨ ਯੁੱਧ ਦਾ ਅੱਜ ਪੰਜਵਾਂ ਦਿਨ ਹੈ। ਰੂਸ ਵੱਲੋਂ ਯੂਕਰੇਨ ‘ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਪਰ ਯੂਕਰੇਨ ਰੂਸ ਸਾਹਮਣੇ ਝੁਕਣ ਨੂੰ ਤਿਆਰ ਨਹੀਂ ਹੈ। ਇਸ ਦੌਰਾਨ ਯੂਕਰੇਨ ਦੀ ਫੌਜ ਨੇ ਡ੍ਰੋਨ ਨਾਲ ਰੂਸ ਦਾ ਮਿਜ਼ਾਇਲ ਸਿਸਟਮ ਉਡਾ ਦਿੱਤਾ ਹੈ। 

ਯੂਕਰੇਨ ਨੇ ਸਾਫ ਕਰ ਦਿੱਤਾ ਹੈ ਕਿ ਭਾਵੇਂ ਰੂਸ ਨਾਲ ਗੱਲਬਾਤ ਸ਼ੁਰੂ ਹੋ ਗਈ ਹੈ ਪਰ ਯੂਕਰੇਨ ਨਾ ਤਾਂ ਆਤਮ ਸਮਰਪਣ ਕਰੇਗਾ ਅਤੇ ਨਾ ਹੀ ਆਪਣੀ ਜ਼ਮੀਨ ਦਾ ਇਕ ਇੰਚ ਵੀ ਛੱਡੇਗਾ। ਇਸ ਦੇ ਨਾਲ ਹੀ ਯੂਕਰੇਨ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਰੂਸ ਨੇ ਪਰਮਾਣੂ ਹਥਿਆਰਾਂ ਦੀ ਵਰਤੋਂ ਕੀਤੀ ਤਾਂ ਦੁਨੀਆ ‘ਚ ਤਬਾਹੀ ਮਚ ਜਾਵੇਗੀ।

ਐਤਵਾਰ ਨੂੰ ਯੂਕਰੇਨ ਦੇ ਵਿਦੇਸ਼ ਮੰਤਰੀ, ਡਾਇਮੇਟਰੋ ਕੁਲੇਬਾ ਨੇ ਇੱਕ ਅੰਤਰਰਾਸ਼ਟਰੀ ਪ੍ਰੈਸ ਕਾਨਫਰੰਸ ਨੂੰ ਆਨਲਾਈਨ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਸਪੱਸ਼ਟ ਕਿਹਾ ਕਿ ਭਾਵੇਂ ਰੂਸ ਨੇ ਪੂਰੀ ਤਾਕਤ ਨਾਲ ਯੂਕਰੇਨ ‘ਤੇ ਹਮਲਾ ਕੀਤਾ ਹੈ ਪਰ ਰੂਸ ਕੋਈ ਵੀ ਰਣਨੀਤਕ ਟੀਚਾ ਹਾਸਲ ਨਹੀਂ ਕਰ ਸਕਿਆ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਅੱਜ ਰੂਸ ਯੂਕਰੇਨ ਨਾਲ ਗੱਲਬਾਤ ਲਈ ਰਾਜ਼ੀ ਹੋ ਗਿਆ ਹੈ। ਇਸ ਪ੍ਰੈਸ ਕਾਨਫਰੰਸ ਵਿੱਚ ਏਬੀਪੀ ਨਿਊਜ਼ ਦੀ ਟੀਮ ਨੇ ਵੀ ਹਿੱਸਾ ਲਿਆ।

ਕੁਲੇਬਾ ਨੇ ਕਿਹਾ ਕਿ ਰੂਸ ਨੇ ਟੈਂਕਾਂ, ਤੋਪਾਂ ਅਤੇ ਕਰੂਜ਼ ਮਿਜ਼ਾਈਲਾਂ ਨਾਲ ਯੂਕਰੇਨ ‘ਤੇ ਹਮਲਾ ਕੀਤਾ ਹੋ ਸਕਦਾ ਹੈ, ਪਰ ਪਿਛਲੇ ਚਾਰ ਦਿਨਾਂ ਦੀ ਲੜਾਈ ਵਿਚ ਰੂਸ ਨੇ ਕੁਝ ਵੀ ਹਾਸਲ ਨਹੀਂ ਕੀਤਾ ਹੈ। ਰੂਸ ਹੁਣ ਤੱਕ ਕਿਸੇ ਵੀ ਪ੍ਰਮੁੱਖ ਸ਼ਹਿਰ ‘ਤੇ ਕਬਜ਼ਾ ਕਰਨ ‘ਚ ਅਸਫਲ ਰਿਹਾ ਹੈ।

ਰਾਜਧਾਨੀ ਕੀਵ ‘ਤੇ ਵੀ ਹਮਲਾ ਕੀਤਾ ਗਿਆ ਪਰ ਯੂਕਰੇਨ ਦੀ ਫੌਜ ਜ਼ਬਰਦਸਤ ਲੜਾਈ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਮਲੇ ਦੂਜੇ ਵਿਸ਼ਵ ਯੁੱਧ ਵਿੱਚ ਹਿਟਲਰ ਵੱਲੋਂ ਕੀਤੇ ਗਏ ਸਨ, ਜਿਵੇਂ ਅੱਜ ਰੂਸ ਪੁਤਿਨ ਦੀ ਅਗਵਾਈ ਵਿੱਚ ਕਰ ਰਿਹਾ ਹੈ।

NO COMMENTS