*ਭਾਜਪਾ ਹੀ ਕਰਾਵੇਗੀ ਪੰਜਾਬ ਦਾ ਵਿਕਾਸ:ਨਕੱਈ*

0
46

ਮਾਨਸਾ 16 ਮਈ (ਸਾਰਾ ਯਹਾਂ/ਮੁੱਖ ਸੰਪਾਦਕ)ਭਾਰਤੀ ਜਨਤਾ ਪਾਰਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੇ ਮਾਨਸਾ ਵਿਖੇ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਹੱਕ ਵਿੱਚ ਇੱਕ ਦਰਜਨ ਤੋਂ ਵੱਧ ਨੁੱਕੜ ਮੀਟਿੰਗਾਂ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਦੇਸ਼ ਦੀ ਸੁਚੱਜੀ ਅਗਵਾਈ ਕਰ ਸਕਦੀ ਹੈ। ਤੀਜੀ ਵਾਰ ਮੁੜ ਸੱਤਾ ਵਿੱਚ ਆ ਕੇ ਮੋਦੀ ਸਰਕਾਰ ਦੇਸ਼ ਨੂੰ ਨਵੀਆਂ ਰਾਹਾਂ ਵੱਲ ਲੈ ਕੇ ਜਾਵੇਗੀ। ਨਕੱਈ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਵੀ ਪੈਰ ਪਸਾਰ ਰਹੀ ਹੈ। ਆਉਂਦੇ ਦਿਨਾਂ ਵਿੱਚ ਉਹ ਹੋਰ ਮਜਬੂਤ ਅਤੇ ਵੱਡੀ ਪਾਰਟੀ ਬਣ ਕੇ ਉੱਭਰੇਗੀ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਮੋਦੀ ਸਰਕਾਰ ਆਉਣ ਤੇ ਭਾਜਪਾ ਦੀ ਪੰਜਾਬ ਵਿੱਚ ਵੱਡੀ ਜਿੱਤ ਹੋਣੀ ਜਰੂਰੀ ਹੈ। ਜਿਸ ਨਾਲ ਪੰਜਾਬ ਦੀ ਕਾਇਆ-ਕਲਪ ਹੋ ਜਾਵੇਗੀ ਅਤੇ ਕੇਂਦਰ ਸਰਕਾਰ ਦੇ ਵਿਕਾਸ ਏਜੰਡੇ ਤੇ ਪੰਜਾਬ ਮੂਹਰਲੀ ਕਤਾਰ ਵਿੱਚ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਜਿੱਤ ਇਸ ਕਰਕੇ ਜਰੂਰੀ ਹੈ ਕਿਉਂਕਿ ਕੇਂਦਰ ਸਰਕਾਰ ਨੇ ਹੀ ਸੂਬਿਆਂ ਦਾ ਉਹ ਵਿਕਾਸ ਕਰਨਾ ਹੁੰਦਾ ਹੈ, ਜੋ ਸੂਬਾ ਸਰਕਾਰਾਂ ਨਹੀਂ ਕਰ ਸਕਦੀਆਂ। ਕਈ ਕੇਂਦਰੀ ਫੰਡ, ਗ੍ਰਾਂਟਾ ਸੂਬਿਆਂ ਨੂੰ ਦੇਣੀਆਂ ਹੁੰਦੀਆਂ ਹਨ। ਜੇਕਰ ਦੇਸ਼ ਅੰਦਰ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਮੂਹਰਲੀ ਕਤਾਰ ਵਿੱਚ ਆ ਕੇ ਵਿਕਾਸ ਦੀਆਂ ਨਵੀਆਂ ਰਾਹਾਂ ਤੇ ਤੁਰ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਹ ਸਮਝ ਰਹੇ ਹਨ ਅਤੇ ਦਿਨੋ-ਦਿਨ ਹਾਲਾਤ ਭਾਜਪਾ ਦੇ ਹੱਕ ਵਿੱਚ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪਿੰਡਾਂ ਵਿੱਚੋਂ ਫੋਨ ਆ ਰਹੇ ਹਨ ਕਿ ਤੁਸੀਂ ਆਓ ਤੁਹਾਨੂੰ ਵਧ-ਚੜ੍ਹ ਕੇ ਵੋਟਾਂ ਪਾ ਕੇ ਜਿਤਾ ਕੇ ਭੇਜਾਂਗੇ। ਇਸ ਮੌਕੇ ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਕਾਕਾ ਸਿੰਘ ਭੁੱਲਰ, ਪੱਪੂ ਸਰਪੰਚ, ਗੋਰਾ ਸਿੰਘ, ਸਰਬਜੀਤ ਸਿੰਘ ਗੋਸ਼ੀ ਤੋਂ ਇਲਾਵਾ ਹੋਰ ਵੀ ਭਾਜਪਾ ਆਗੂ ਮੌਜੂਦ ਸਨ।

LEAVE A REPLY

Please enter your comment!
Please enter your name here