ਫਗਵਾੜਾ 18 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਫਗਵਾੜਾ ‘ਚ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਭਾਜਪਾ ਯੁਵਾ ਮੋਰਚਾ ਫਗਵਾੜਾ ਦੇ ਮੰਡਲ ਪ੍ਰਧਾਨ ਅਸ਼ੀਸ਼ ਆਹਲੂਵਾਲੀਆ, ਜਿਲ੍ਹਾ ਮੀਤ ਪ੍ਰਧਾਨ ਕੁਲਜੀਤ ਸਿੰਘ ਬਸਰਾ ਅਤੇ ਸਨੀ ਬੱਤਾ ਸਾਬਕਾ ਸੀਨੀਅਰ ਮੀਤ ਪ੍ਰਧਾਨ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੋਕ ਉਸਾਰੂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਭਾਜਪਾ ਦੇ ਉਕਤ ਨੌਜਵਾਨ ਆਗੂਆਂ ਦਾ ਸਵਾਗਤ ਕਰਨ ਲਈ ਹਲਕਾ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਵਿਸ਼ੇਸ਼ ਤੌਰ ਤੇ ਵਿਧਾਨਸਭਾ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਦੇ ਗ੍ਰਹਿ ਵਿਖੇ ਪਹੁੰਚੇ। ਡਾ. ਚੱਬੇਵਾਲ ਅਤੇ ਜੋਗਿੰਦਰ ਸਿੰਘ ਮਾਨ ਨੇ ਭਾਜਯੁਮੋ ਮੰਡਲ ਪ੍ਰਧਾਨ ਅਤੇ ਆਗੂਆਂ ਨੂੰ ਆਮ ਆਦਮੀ ਪਾਰਟੀ ਦੀਆਂ ਪੱਟੀਆਂ ਪਹਿਨਾ ਕੇ ਪਾਰਟੀ ਵਿਚ ਸ਼ਾਮਲ ਕਰਵਾਇਆ। ਡਾ. ਚੱਬੇਵਾਲ ਨੇ ਜਿੱਥੇ ਨੌਜਵਾਨ ਭਾਜਪਾ ਆਗੂਆਂ ਦੇ ਆਪ ਵਿਚ ਸ਼ਾਮਲ ਹੋਣ ਨੂੰ ਪੰਜਾਬ ਦੇ ਹਿੱਤ ਵਿਚ ਚੰਗਾ ਸੰਕੇਤ ਦੱਸਿਆ ਉੱਥੇ ਹੀ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਢਾਈ ਸਾਲ ਵਿਚ ਜਿਸ ਤਰ੍ਹਾਂ ਦੇ ਲੋਕ ਉਸਾਰੂ ਕੰਮ ਕੀਤੇ ਹਨ, ਉਸ ਤੋਂ ਖਾਸ ਤੋਰ ਤੇ ਨੌਜਵਾਨ ਪੀੜ੍ਹੀ ਪ੍ਰਭਾਵਿਤ ਹੋਈ ਹੈ ਕਿਉਂਕਿ ਪਹਿਲਾਂ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਲੈ ਕੇ ਗੰਭੀਰਤਾ ਨਹੀਂ ਦਿਖਾਈ। ਪਰ ਹੁਣ ਵਿਰੋਧੀ ਧਿਰਾਂ ਦੇ ਆਗੂਆਂ ਸਮੇਤ ਸਮੂਹ ਪੰਜਾਬੀ ਆਪ ਪਾਰਟੀ ਦੇ ਨਾਲ ਜੁੜਨ ਲਈ ਉਤਾਵਲੇ ਹਨ ਕਿਉਂਕਿ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਪੰਜਾਬ ਨੂੰ ਜੇਕਰ ਮੁੜ ਤੋਂ ਤਰੱਕੀ ਦੇ ਰਾਹ ਪਾਉਣਾ ਹੈ ਤਾਂ ਸੂਬੇ ਵਿਚ ਆਪ ਪਾਰਟੀ ਦੇ ਹੱਥ ਮਜਬੂਤ ਕਰਨਗੇ ਹੋਣਗੇ। ਡਾ. ਚੱਬੇਵਾਲ ਅਤੇ ਮਾਨ ਨੇ ਅੱਜ ਪਾਰਟੀ ਵਿਚ ਸ਼ਾਮਲ ਹੋਏ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਸੂਬਾ ਸਪੋਕਸ ਪਰਸਨ ਹਰਜੀ ਮਾਨ, ਸੀਨੀਅਰ ਆਗੂ ਹਰਮੇਸ਼ ਪਾਠਕ, ਦਲਜੀਤ ਸਿੰਘ ਰਾਜੂ, ਅਵਤਾਰ ਸਿੰਘ ਪੰਡਵਾ, ਬੋਬੀ ਬੇਦੀ, ਧਰਮਵੀਰ ਸੇਠੀ ਆਦਿ ਵੀ ਹਾਜਰ ਸਨ।