ਬੁਢਲਾਡਾ 24 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ) ਖੇਤੀ ਆਰਡੀਨੈਂਸ ਦੇ ਖਿਲਾਫ ਕਿਸਾਨ ਜੱਥੇਬੰਦੀਆਂ ਵੱਲੋਂ ਧਰਨੇ ਅਤੇ ਘਿਰਾਓ ਕਰਨ ਦਾ ਸਿਲਸਿਲਾ ਜਾਰੀ ਹੈ। ਜਿਸ ਅਧੀਨ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਏਕਤਾ ਵੱਲੋਂ ਭਾਜਪਾ ਦੇ ਮੰਡਲ ਪ੍ਰਧਾਨ ਸੁਖਦਰਸ਼ਨ ਲੀਲਾ ਦੇ ਘਰ ਦੇ ਬਾਹਰ ਦਿੱਤੇ ਧਰਨੇ ਤੋਂ ਬਾਅਦ ਹੁਣ ਬਾਕੀ ਭਾਜਪਾ ਨੇਤਾਵਾਂ ਦੇ ਘਰਾਂ ਦੇ ਬਾਹਰ ਵੀ ਧਰਨੇ ਲਾਉਣ ਦਾ ਫੈਸਲਾ ਕੀਤਾ ਹੈ। ਜਿਸ ਅਧੀਨ ਅੱਜ ਪੰਜਾਬ ਭਾਜਪਾ ਸੂਬਾ ਕਮੇਟੀ ਮੈਂਬਰ ਰਾਕੇਸ਼ ਜੈਨ ਦੇ ਘਰ ਦੇ ਬਾਹਰ ਧਰਨਾ ਦੇ ਕੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਿਲ ਸਨ। ਉੱਥੇ ਪੁਲਿਸ ਵੱਲੋਂ ਰਾਕੇਸ਼ ਜੈਨ ਦੇ ਘਰ ਦੇ ਬਾਹਰ ਨਾਕਾਬੰਦੀ ਕਰਕੇ ਅਣਸੁਖਾਵੀਂ ਘਟਨਾ ਵਾਪਰਨ ਦੇ ਮੱਦੇਨਜਰ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ।