
ਮਾਨਸਾ 15 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਸਦੀ ਅਗਵਾਈ ਮਨਜੀਤ ਸਿੰਘ ਧਨੇਰ ਵੱਲੋਂ ਸੂਬਾ ਪੱਧਰੀ ਸੱਦੇ ਨੂੰ ਮੁੱਖ ਰੱਖਦੇ ਹੋਏ 19 ਦਸੰਬਰ ਨੂੰ ਮਾਨਸਾ ਜ਼ਿਲਾ ਹੈੱਡ ਕੁਆਰਟਰ ਵਿਖੇ ਦਿੱਤੇ ਧਰਨੇ ਸੰਬੰਧੀ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਅਤੇ ਸਕੱਤਰ ਤਾਰਾ ਚੰਦ ਬਰੇਟਾ ਨੇ ਕਿਹਾ ਕਿ ਪੰਜਾਬ ਦੀ ਆਮ ਪਾਰਟੀ ਦੀ ਸਰਕਾਰ ਵੱਲੋਂ ਝੋਨੇ ਦੀ ਰਹਿੰਦ-ਖੂੰਹਦ ਦਾ ਨਿਪਟਾਰਾ ਕਰਨ ਵਾਲੇ ਕਿਸਾਨਾਂ ‘ਤੇ ਵੱਡੀ ਗਿਣਤੀ ਵਿੱਚ ਕੇਸ ਦਰਜ ਕੀਤੇ ਹੋਏ ਹਨ ਅਤੇ ਵੱਡੀ ਪੱਧਰ ‘ਤੇ ਜੁਰਮਾਨਿਆਂ ਦੀ ਵਸੂਲੀ ਕਰਨ ਲਈ ਪਿੰਡਾਂ ਵਿੱਚ ਮਾਲ ਮਹਿਕਮੇ ਦੁਆਰਾ ਕਿਸਾਨਾਂ ‘ਤੇ ਦਬਾਅ ਪਾਇਆ ਜਾ ਰਿਹਾ ਹੈ ਅਤੇ ਜੁਰਮਾਨੇ ਉਗਰਾਹੀ ਲਈ ਪਰਵਾਰੀਆਂ ਨੂੰ ਵੀ ਡਰਾਇਆ ਧਮਕਾਇਆ ਜਾ ਰਿਹਾ ਹੈ । ਇਸੇ ਤਰਾਂ ਪਹਿਲਾਂ ਹਾੜੀ ਦੀ ਬਿਜਾਈ ਲਈ ਡੀਏਪੀ ਉਪਲਬਧ ਨਹੀਂ ਕਰਵਾਈ ਗਈ ਅਤੇ ਹੁਣ ਯੂਰੀਆ ਖਾਦ ਦੀ ਭਾਰੀ ਕਿੱਲਤ ਕਾਰਨ ਕਣਕ ਦੀ ਫ਼ਸਲ ਪ੍ਰਭਾਵਿਤ ਹੋ ਰਹੀ ਹੈ । ਪਹਿਲਾਂ ਝੋਨੇ ਦੀ ਖਰੀਦ ਵਿੱਚ ਵੀ ਸਰਕਾਰ ਦੀ ਮਿਲੀ ਭੁਗਤ ਨਾਲ ਮੰਡੀਆਂ ਵਿੱਚ ਸ਼ੈਲਰ ਮਾਲਕਾਂ ਵੱਲੋਂ ਵੱਡੇ ਕੱਟ ਲਗਾਏ ਗਏ ਹਨ । ਜਿਸਦੀ ਭਰਪਾਈ ਕਰਵਾਉਣ, ਪਰਾਲੀ ਦੇ ਜੁਰਮਾਨੇ ਰੱਦ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚ 19 ਦਸੰਬਰ ਨੂੰ ਸਾਰੇ ਜ਼ਿਲਾ ਹੈੱਡ ਕੁਆਟਰਾਂ ‘ਤੇ ਰੋਹ ਭਰਪੂਰ ਧਰਨੇ ਲਗਾਏ ਜਾਣਗੇ । ਜਿਸਦੀ ਕੜੀ ਵਜੋਂ ਮਾਨਸਾ ਜ਼ਿਲੇ ਦੇ ਸਾਰੇ ਬਲਾਕਾਂ ਵਿੱਚ ਆਗੂ ਅਤੇ ਵਰਕਰਾਂ ਵੱਲੋਂ ਜ਼ੋਰਦਾਰ ਤਿਆਰੀ ਕੀਤੀ ਜਾ ਰਹੀ ਹੈ ਅਤੇ ਵੱਡੀ ਗਿਣਤੀ ਕਿਸਾਨ ਇਸ ਧਰਨੇ ਵਿੱਚ ਸ਼ਮੂਲੀਅਤ ਕਰਨਗੇ । ਇੰਨਾਂ ਧਰਨਿਆਂ ਦੌਰਾਨ ਸੰਭੂ ਬਾਡਰ ‘ਤੇ ਦਿੱਲੀ ਕੂਚ ਕਰਨ ਵਾਲੇ ਜੱਥਿਆਂ ਉੱਪਰ ਸਰਕਾਰੀ ਜਬਰ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ । ਇਸ ਮੌਕੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਮੱਖਣ ਸਿੰਘ ਭੈਣੀ ਬਾਘਾ ਸਮੇਤ ਦੇਵੀ ਰਾਮ ਰੰਘੜਿਆਲ, ਬਲਕਾਰ ਸਿੰਘ ਚਹਿਲਾਂਵਾਲੀ, ਗੁਰਜੰਟ ਸਿੰਘ ਮੰਘਾਣੀਆਂ, ਬਲਵਿੰਦਰ ਸ਼ਰਮਾਂ ਅਤੇ ਜਗਦੇਵ ਸਿੰਘ ਕੋਟਲੀ ਆਦਿ ਮੌਜੂਦ ਰਹੇ ।
