ਝੁਨੀਰ 28 ਜੁਲਾਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਪੰਜਾਬ ਵਿੱਚ ਚੱਲ ਰਹੀ ਨਸ਼ਾ ਵਿਰੋਧੀ ਲਹਿਰ ਨੂੰ ਅੱਗੇ ਵਧਾਉਂਦੇ ਹੋਏ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਝੁਨੀਰ ਬਲਾਕ ਦੇ ਪਿੰਡ ਰਾਮਾਨੰਦੀ ਵਿੱਚ ਕਿਸਾਨਾਂ-ਮਜ਼ਦੂਰਾਂ ਦਾ ਭਾਰੀ ਇਕੱਠ ਕੀਤਾ ਗਿਆ ਅਤੇ ਸੂਬਾ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਦਾ ਪੁਤਲਾ ਫੂਕਿਆ ਗਿਆ । ਇਸ ਇਕੱਠ ਨੂੰ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਆਮ ਆਦਮੀ ਦੀ ਸਰਕਾਰ ਨੂੰ ਸੱਤਾ ਵਿੱਚ ਆਇਆਂ ਕਰੀਬ ਡੇਢ ਮਹੀਨਾ ਹੋ ਚੁੱਕਿਆ ਹੈ ਪਰ ਤਿੰਨ ਮਹੀਨਿਆਂ ਵਿੱਚ ਨਸ਼ੇ ਦਾ ਲੱਕ ਤੋੜਨ ਵਾਲੀ ਸਰਕਾਰ ਨਸ਼ੇ ਦਾ ਵਪਾਰ ਰੋਕਣ ਵਿੱਚ ਨਖਿੱਧ ਸਿੱਧ ਹੋਈ ਹੈ ਬਲਕਿ ਨਸ਼ਾ ਸੌਦਾਗਰਾਂ ਦੇ ਹੌਸਲੇ ਹੋਰ ਬੁਲੰਦ ਹੋਏ ਹਨ । ਸਰਕਾਰ ਦਾ ਪੁਲਿਸ ਤੰਤਰ ਅਤੇ ਖੁਫੀਆ ਤੰਤਰ ਮਸਲੇ ਦੀ ਗਹਿਰਾਈ ਵਿੱਚ ਜਾਣ ਦੀ ਬਜਾਏ ਨਸ਼ੇ ਨਾਲ ਪੀੜਿਤ ਨੌਜਵਾਨਾਂ ਨੂੰ ਤਸਕਰ ਬਣਾਕੇ ਝੂਠੇ ਪਰਚੇ ਬਣਾਕੇ ਡਰਾਮਾ ਰਚ ਰਿਹਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਢਲਾ ਫਰਜ਼ ਬਣਦਾ ਸੀ ਕਿ ਦਿਲੀ ਇੱਛਾ ਦੇ ਨਾਲ ਨਸ਼ੇ ਦੇ ਕਾਰੋਬਾਰੀਆਂ ਨੂੰ ਜੇਲਾਂ ਅੰਦਰ ਬੰਦ ਕਰਦੀ ਅਤੇ ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਬਚਾਉਣ ਲਈ ਰੋਜ਼ਗਾਰ ਮੁਹੱਈਆ ਕਰਵਾਉਂਦੀ । ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਆਉਂਦੀ 14 ਅਗਸਤ ਨੂੰ ਪਰਵਿੰਦਰ ਸਿੰਘ ਝੋਟੇ ਨਾਲ ਹੋਈ ਬੇਇਨਸਾਫ਼ੀ ਅਤੇ ਨਸ਼ਾ ਵਿਰੋਧੀ ਕਾਨਫਰੰਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਿਆ ਜਾਵੇ । ਇਸ ਮੌਕੇ ਮੱਖਣ ਸਿੰਘ ਭੈਣੀ ਬਾਘਾ ਸਮੇਤ ਬਲਵਿੰਦਰ ਸ਼ਰਮਾਂ, ਗੁਰਾ ਸਿੰਘ ਭਲਾਈਕੇ, ਜਰਨੈਲ ਸਿੰਘ, ਕਾਲਾ ਸਿੰਘ, ਤੇਜਾ ਸਿੰਘ ਰਾਮਾਨੰਦੀ ਆਦਿ ਮੌਜੂਦ ਰਹੇ ।