*ਭਾਕਿਯੂ (ਏਕਤਾ) ਡਕੌਂਦਾ ਵੱਲੋਂ ਕੁਲਰੀਆਂ ਦੇ ਕਿਸਾਨਾਂ ‘ਤੇ ਧੱਕੇਸ਼ਾਹੀ ਵਿਰੁੱਧ ਬਰੇਟਾ ਥਾਣੇ ਅੱਗੇ ਧਰਨਾ 8 ਜੂਨ ਨੂੰ*

0
34

ਬੁਢਲਾਡਾ 6 ਜੂਨ  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਬਲਾਕ ਬੁਢਲਾਡਾ ਦੀ ਮੀਟਿੰਗ ਗੁਰਦੁਆਰਾ ਪਾਤਸ਼ਾਹੀ ਨੌਂਵੀ ਬੁਢਲਾਡਾ ਵਿਖੇ ਕੀਤੀ ਗਈ, ਜਿਸ ਵਿੱਚ ਬੀਤੇ ਦਿਨੀਂ ਪਿੰਡ ਕੁਲਰੀਆਂ ਦੇ ਕਿਸਾਨਾਂ ਉੱਤੇ ਹੋਏ ਜਾਨਲੇਵਾ ਹਮਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ । ਗੌਰਤਲਬ ਹੈ ਕਿ ਬੀਤੇ ਦਿਨੀਂ ਪਿੰਡ ਕੁਲਰੀਆਂ ਦੇ ਅਬਾਦਕਾਰ ਕਿਸਾਨਾਂ ਉੱਤੇ ਸਰਪੰਚ ਰਾਜੂ ਸਮੇਤ ਗੁੰਡਾ ਢਾਣੀ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਦੋ ਕਿਸਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ, ਜਿੰਨਾਂ ਦਾ ਇਲਾਜ ਸਿਵਲ ਹਸਪਤਾਲ ਮਾਨਸਾ ਵਿਖੇ ਚੱਲ ਰਿਹਾ ਹੈ । ਮਸਲੇ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਉਕਤ ਵਿਅਕਤੀ ਰਾਜੂ ਸਿੰਘ ਪਹਿਲਾਂ ਵੀ ਆਪਣੀ ਗੁੰਡਾ ਢਾਣੀ ਨੂੰ ਲੈ ਕੇ ਮਨਰੇਗਾ ਭਵਨ ਵਿੱਚ ਬੈਠਦਾ ਰਹਿੰਦਾ ਸੀ ਅਤੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ ਪਰ ਆਪਣੀ ਗੱਡੀ ਨੂੰ ਖੁਦ ਹੀ ਅੱਗ ਲਗਾਕੇ ਕਿਸਾਨਾਂ ਉੱਤੇ ਝੂਠੀ ਕਾਰਵਾਈ ਕਰਵਾਉਣਾ ਚਾਹੁੰਦਾ ਹੈ । ਉਨ੍ਹਾਂ ਪੁਲਿਸ ਪ੍ਰਸ਼ਾਸਨ ਉੱਤੇ ਦੋਸ਼ ਲਾਉਂਦਿਆਂ ਕਿਹਾ ਕਿ ਮਸਲੇ ਨੂੰ ਲੈ ਕੇ ਸਹੀ ਕਾਰਵਾਈ ਕਰਨ ਦੀ ਬਜਾਏ ਪੁਲਿਸ ਪ੍ਰਸ਼ਾਸਨ ਵੱਲੋਂ ਰਾਜਨੀਤਿਕ ਸਹਿ ਉੱਤੇ ਕਿਸਾਨਾਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਇਸ ਮਸਲੇ ਨੂੰ ਵਾਂਚਦੇ ਹੋਏ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਦਾ ਵੱਲੋਂ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਅਬਾਦਕਾਰ ਕਿਸਾਨਾਂ ਦੇ ਹੱਕ ਵਿੱਚ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਵਿਰੁੱਧ 8 ਜੂਨ ਨੂੰ ਬਰੇਟਾ ਥਾਣੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਇਸ ਮੌਕੇ ਸੂਬਾ ਕਮੇਟੀ ਦੇ ਕੁਲਵੰਤ ਸਿੰਘ ਕਿਸ਼ਨਗੜ੍ਹ, ਜਿਲਾ ਕਮੇਟੀ ਦੇ ਦੇਵੀ ਰਾਮ ਰੰਘੜਿਆਲ, ਗੁਰਜੰਟ ਸਿੰਘ ਮਘਾਣੀਆਂ ਸਮੇਤ ਸੱਤਪਾਲ ਸਿੰਘ ਵਰੇ, ਤਾਰਾ ਚੰਦ ਬਰੇਟਾ, ਤਰਨਜੀਤ ਸਿੰਘ ਮੰਦਰਾਂ, ਵਸਾਵਾ ਸਿੰਘ ਧਰਮਪੁਰਾ, ਪਾਲਾ ਸਿੰਘ ਕੁਲਰੀਆਂ, ਤੇਜਰਾਮ ਸਿੰਘ ਅਹਿਮਦਪੁਰ ਆਦਿ ਵੀ ਮੌਜੂਦ ਰਹੇ ।

LEAVE A REPLY

Please enter your comment!
Please enter your name here