ਬੁਢਲਾਡਾ 7 ਜਨਵਰੀ(ਸਾਰਾ ਯਹਾਂ/ਮੁੱਖ ਸੰਪਾਦਕ)ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਬੁਢਲਾਡਾ ਡੀਐਸਪੀ ਦਫਤਰ ਸਾਹਮਣੇ ਲੱਗਿਆ ਹੋਇਆ ਮੋਰਚਾ ਦੂਸਰੇ ਦਿਨ ਵਿੱਚ ਦਾਖਲ ਹੋ ਗਿਆ । ਅੱਜ ਦੂਸਰੇ ਦਿਨ ਵੀ ਕੜਾਕੇ ਦੀ ਠੰਢ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਤੇ ਮਰਦ ਔਰਤਾਂ ਨੇ ਸ਼ਮੂਲੀਅਤ ਕੀਤੀ ਕਿਉਂਕਿ ਕੁੱਲਰੀਆਂ ਦੇ ਆਬਾਦਕਾਰ ਕਿਸਾਨਾਂ ਵੱਲੋਂ ਜੋ ਜਮੀਨ ਦੀ ਲੜਾਈ ਲੜੀ ਜਾ ਰਹੀ ਹੈ, ਜਿਸ ਵਿੱਚ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋੰ ਜਮੀਨਾਂ ਖੋਹਣ ਦੀਆਂ ਨੀਤੀਆਂ ਦੇ ਤਹਿਤ ਕਿਸਾਨਾਂ ਨੂੰ ਜਮੀਨ ਤੋਂ ਬੇਦਖਲ ਕੀਤਾ ਜਾ ਰਿਹਾ ਹੈ । ਕਾਸ਼ਤਕਾਰ ਅਤੇ ਆਬਾਦਕਾਰ ਕਿਸਾਨਾਂ ਨੂੰ ਜਮੀਨ ਤੋਂ ਬੇਦਖਲ ਹੀ ਨਹੀਂ ਸਗੋਂ ਲਗਾਤਾਰ ਕਿਸਾਨਾਂ ਦੇ ਉੱਤੇ ਗੁੰਡਾ ਢਾਣੀ ਦੇ ਵੱਲੋਂ ਗੱਡੀਆਂ ਨਾਲ ਹਮਲੇ ਕਰਕੇ ਪੁਲਿਸ ਅਤੇ ਪੰਜਾਬ ਸਰਕਾਰ ਦੀ ਸ਼ਹਿ ਦੇ ਉੱਤੇ ਗੰਭੀਰ ਫੱਟੜ ਕੀਤਾ ਗਿਆ ਹੈ । ਜਿਸਦਾ ਸਬੂਤ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ, ਕਿਸਾਨਾਂ ਦੇ ਉੱਤੇ ਹੀ ਝੂਠੇ ਮੁਕਦਮੇ ਦਰਜ ਕਰਨ ਤੋਂ ਜਾਹਿਰ ਹੁੰਦਾ ਹੈ । ਪ੍ਰਸ਼ਾਸਨ ਦੀ ਇਸ ਪੁਸ਼ਤਪਨਾਹੀ ਨੂੰ ਲੈ ਕੇ ਕਿਸਾਨ ਜਥੇਬੰਦੀ ਵੱਲੋਂ ਪਿਛਲੀ 15 ਦਸੰਬਰ ਨੂੰ ਲਗਾਤਾਰ ਮੋਰਚਾ ਲਾਉਣ ਦਾ ਐਲਾਨ ਕੀਤਾ ਹੋਇਆ ਸੀ ਪ੍ਰੰਤੂ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਕਾਰਵਾਈ ਦੇ ਸੰਬੰਧ ਵਿੱਚ ਕਿਸਾਨਾਂ ਨਾਲ ਹੋਈਆਂ ਮੀਟਿੰਗਾਂ ਵਿੱਚ ਭਰੋਸਾ ਦੇਣ ਤੋਂ ਬਾਅਦ ਇਹ ਮੋਰਚਾ ਮੁਲਤਵੀ ਕਰ ਦਿੱਤਾ ਸੀ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਮਸਲੇ ਇੱਕ ਹਫਤੇ ਦੇ ਵਿੱਚ ਵਿੱਚ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਪ੍ਰੰਤੂ ਜਦੋਂ ਤਿੰਨ ਹਫਤੇ ਬੀਤਣ ਤੇ ਵੀ ਮਸਲੇ ਹੱਲ ਨਾ ਹੋਏ ਤਾਂ ਮਜਬੂਰ ਕਿਸਾਨਾਂ ਨੂੰ ਡੀਐਸਪੀ ਦਫਤਰ ਸਾਹਮਣੇ ਪੱਕਾ ਮੋਰਚਾ ਲਾਉਣ ਲਈ ਮਜਬੂਰ ਹੋਣਾ ਪਿਆ । ਅੱਜ ਦੂਸਰੇ ਦਿਨ ਮੋਰਚੇ ਨੂੰ ਸੰਬੋਧਨ ਕਰਨ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਸਾਰੀਆਂ ਮੰਗਾਂ ਮੰਨਣ ਤੱਕ ਮੋਰਚਾ ਜਾਰੀ ਰਹੇਗਾ। ਮੋਰਚੇ ਵਿੱਚ ਇਕੱਠ ਵੱਲੋਂ ਵਿਸ਼ੇਸ ਤੌਰ ‘ਤੇ ਮਤਾ ਪਾਸ ਕਰਦਿਆਂ ਬਿਨ੍ਹਾਂ ਮੁਕੱਦਮਾ ਚਲਾਏ ਸਾਲਾਂ ਬੱਧੀ ਜੇਲਾਂ ਵਿੱਚ ਬੰਦ ਬੰਦੀ ਸਿੰਘਾਂ, ਸਾਹਿਤਕਾਰਾਂ, ਬੁੱਧੀ ਜੀਵੀਆਂ ਅਤੇ ਕਲਮਕਾਰਾਂ ਦੀ ਰਿਹਾਈ ਦੀ ਮੰਗ ਕੀਤੀ ਗਈ । ਸੰਬੋਧਨ ਕਰਨ ਵਾਲੇ ਆਗੂਆਂ ਦੇ ਵਿੱਚ ਮੱਖਣ ਸਿੰਘ ਭੈਣੀ ਬਾਘਾ, ਕੁਲਵੰਤ ਸਿੰਘ ਕਿਸ਼ਨਗੜ੍ਹ, ਨਾਰ ਸਿੰਘ ਭਾਈ ਰੂਪਾ, ਬਲਵਿੰਦਰ ਸਿੰਘ ਜੇਠੂਕੇ, ਜਗਦੇਵ ਸਿੰਘ ਕੋਟਲੀ, ਬਲਜੀਤ ਸਿੰਘ ਭੈਣੀ, ਗੁਰਨਾਮ ਸਿੰਘ , ਬਾਬਾ ਸਿੰਘ ਭਿੱਖੀ, ਕੁਲਵੰਤ ਸਿੰਘ ਭਦੌੜ, ਭੋਲਾ ਸਿੰਘ ਛੰਨਾ, ਗੁਰਜੰਟ ਸਿੰਘ ਮੰਘਾਣੀਆਂ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਦੋਦੜਾ, ਜਗਤਾਰ ਸਿੰਘ ਦੁੱਗਾਂ, ਬਲਕਾਰ ਸਿੰਘ ਚਹਿਲਾਂਵਾਲੀ, ਬਲਵਿੰਦਰ ਸ਼ਰਮਾ, ਜਗਤਾਰ ਸਿੰਘ ਦੁੱਗਾਂ ਆਦਿ ਮੌਜੂਦ ਰਹੇ ।