
ਝੁਨੀਰ 3 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ):
ਨਸ਼ੇ ਦੇ ਦਿਨੋਂ ਦਿਨ ਵਧ ਰਹੇ ਰੁਝਾਨ ਕਾਰਨ ਪੰਜਾਬ ਵਿੱਚ ਲਗਾਤਾਰ ਘਟਨਾਵਾਂ ਦਾ ਸਿਲਸਿਲਾ ਵਧ ਰਿਹਾ ਹੈ ਪਰ ਬਦਲਾਅ ਦਾ ਨਾਹਰਾ ਮਾਰਨ ਵਾਲੀ ਪੰਜਾਬ ਸਰਕਾਰ ਪੂਰੀ ਤਰਾਂ ਮੌਨ ਹੈ । ਸੋ ਇਸ ਰੁਝਾਨ ਨੂੰ ਠੱਲਣ ਲਈ ਅਤੇ ਨਸ਼ਾ ਵਿਰੋਧੀ ਲਹਿਰ ਨੂੰ ਅੱਗੇ ਵਧਾਉਣ ਲਈ ਜੱਥੇਬੰਦੀ ਵੱਲੋਂ ਮਾਨਸਾ ਜਿਲੇ ਵਿੱਚ “ਕਿਸਾਨੀ ਬਚਾਓ, ਜਵਾਨੀ ਬਚਾਓ” ਮੁਹਿੰਮ ਵਿੱਢੀ ਹੋਈ ਹੈ, ਇਸੇ ਮੁਹਿੰਮ ਤਹਿਤ ਅੱਜ ਪਿੰਡ ਭਲਾਈਕੇ ਵਿੱਚ ਭਾਰੀ ਇਕੱਠ ਕੀਤਾ ਗਿਆ ।

ਇਕੱਠ ਨੂੰ ਸੰਬੋਧਿਤ ਹੁੰਦਿਆਂ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆਂ ਨੇ ਕਿਹਾ ਕਿ ਇਸ ਸਮਾਜਿਕ ਮੁੱਦੇ ਉੱਤੇ ਹਜ਼ੂਮ ਨੂੰ ਧਰਮਾਂ, ਜਾਤਾਂ ਅਤੇ ਧਿਰਾਂ ਤੋਂ ਉੱਪਰ ਉੱਠ ਕੇ ਇੱਕ ਹੋਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਆਉਣ ਵਾਲੀ 14 ਅਗਸਤ ਨੂੰ ਮਾਨਸਾ ਦੀ ਦਾਣਾ ਮੰਡੀ ਵਿੱਚ ਵੱਡਾ ਇਕੱਠ ਕੀਤਾ ਜਾ ਹੈ ਤਾਂ ਜੋ ਇਸ ਮੁਹਿੰਮ ਨੂੰ ਪੂਰੇ ਪੰਜਾਬ ਵਿੱਚ ਕਾਮਯਾਬ ਕੀਤਾ ਜਾ ਸਕੇ । ਇਸ ਸਮੇ ਮੱਖਣ ਸਿੰਘ ਭੈਣੀ ਬਾਘਾ ਨੇ ਆਉਣ ਵਾਲੀ 12 ਅਗਸਤ ਨੂੰ ਔਰਤਾਂ ਉੱਤੇ ਜਬਰ ਦੇ ਇਤਿਹਾਸ, ਜਬਰ ਅਤੇ ਟਾਕਰੇ ਦੇ ਘੋਲ ਮਹਿਲ ਕਲਾਂ ਦੀ ਧਰਤੀ ਉੱਤੇ ਸ਼ਹੀਦ ਬੀਬੀ ਕਿਰਨਜੀਤ ਕੌਰ ਦੇ 26ਵੇਂ ਸ਼ਹੀਦੀ ਸਮਾਗਮ ਵਿੱਚ ਮਾਵਾ ਭੈਣਾਂ ਸਮੇਤ ਸ਼ਿਰਕਤ ਕਰਨ ਦੀ ਗੱਲ ਕਹੀ । ਇਸ ਸਮੇਂ ਬਲਾਕ ਪ੍ਰਧਾਨ ਝੁਨੀਰ ਗੁਰਚਰਨ ਸਿੰਘ ਉੱਲਕ ਨੇ ਲੋਕਾਂ ਨੂੰ ਹਰ ਪਿੰਡ ਵਿੱਚ ਨਸ਼ਾ ਵਿਰੋਧੀ ਕਮੇਟੀ ਬਣਾਉਣ ਦਾ ਸੱਦਾ ਦਿੱਤਾ । ਇਸ ਸਮੇਂ ਮਿੱਠੂ ਸਿੰਘ ਭੰਮੇ ਕਲਾਂ, ਬਿੰਦਰ ਸਿੰਘ ਭੰਮੇ ਖੁਰਦ, ਗੁਰਵਿੰਦਰ ਸਿੰਘ ਗੁਰਾ, ਜਗਜੀਤ ਸਿੰਘ, ਜਸਕਰਨ ਸਿੰਘ, ਭੋਲਾ ਸਿੰਘ ਭਲਾਈਕੇ ਆਦਿ ਮੌਜੂਦ ਰਹੇ ।
