
ਬਰੇਟਾ 24 ਅਕਤੂਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਆਪਣੀ ਟੀਮ ਸਮੇਤ ਜਿਲ੍ਹੇ ਦੇ ਵਿਵਾਦਿਤ ਜ਼ਮੀਨ ਵਾਲੇ ਪਿੰਡ ਕੁਲਰੀਆ ਵਿਖੇ, ਕੱਲ੍ਹ ਅਬਾਦਕਾਰ ਕਿਸਾਨਾਂ ਅਤੇ ਪੰਚਾਇਤ ਧਿਰ ਵਿਚਕਾਰ ਹੋਏ ਜ਼ਮੀਨੀ ਵਿਵਾਦ ਦੀ ਜਾਣਕਾਰੀ ਲੈਣ ਪਹੁੰਚੇ । ਜਿੱਥੇ ਉਨ੍ਹਾਂ ਨਾਲ ਸੈਕੜੇ ਕਿਸਾਨਾਂ ਸਮੇਤ ਪਿੰਡ ਨਿਵਾਸੀ ਵੀ ਸ਼ਾਮਿਲ ਰਹੇ । ਅੱਜ ਘਟਨਾ ਸਥੱਲ ਉੱਤੇ ਜਾ ਕੇ ਦੌਰਾ ਕਰਨ ਉਪਰੰਤ ਸੂਬਾ ਕਮੇਟੀ ਨੇ ਪੂਰੀ ਘਟਨਾ ਦੀ ਬਰੀਕੀ ਨਾਲ ਜਾਣਕਾਰੀ ਲਈ । ਉੱਥੇ ਪਹੁੰਚ ਕੇ ਸਾਰੀ ਗੱਲ ਦਾ ਪਤਾ ਲੱਗਿਆ ਕਿ ਕੱਲ੍ਹ ਕਿਸਾਨਾਂ ਉੱਤੇ ਜਾਨਲੇਵਾ ਹਮਲਾ ਪਿੰਡ ਕੁਲਰੀਆਂ ਦੇ ਸਰਪੰਚ ਰਾਜਵੀਰ ਅਤੇ ਉਸਦੀ ਗੁੰਡਾ ਢਾਣੀ ਦੇ ਵੱਲੋਂ ਸਰਕਾਰੀ ਸਹਿ ਉੱਤੇ ਕੀਤਾ ਗਿਆ ਸੀ । ਜਥੇਬੰਦੀ ਵੱਲੋਂ ਇਸ ਮੰਦਭਾਗੀ ਘਟਨਾ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ । ਘਟਨਾ ਸਥਾਨ ਉੱਤੇ ਰੈਲੀ ਦਾ ਆਯੋਜਨ ਕਰਨ ਉਪਰੰਤ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਅਜਿਹੀਆਂ ਜਬਰੀ ਘਟਨਾਵਾਂ ਨਾਲ ਕਿਸਾਨਾਂ ਤੋਂ ਜ਼ਮੀਨ ਹਥਿਆਉਣੀ ਸੰਭਵ ਨਹੀ ਹੈ । ਜ਼ਿਕਰਯੋਗ ਹੈ ਕਿ ਪਿਛਲੇ ਚਾਰ ਪੰਜ ਮਹੀਨਿਆਂ ਤੋਂ ਲੈ ਕੇ ਪਿੰਡ ਕੁਲਰੀਆਂ ਦੇ 71 ਏਕੜ ਰਕਬੇ ਦੇ ਕਾਸ਼ਤਕਾਰ ਕਿਸਾਨਾਂ ਨੂੰ ਜ਼ਮੀਨਾਂ ਤੋਂ ਵਾਰ ਵਾਰ ਹੱਥਕੰਡੇ ਅਪਣਾ ਕੇ ਉਜਾੜਿਆ ਜਾ ਰਿਹਾ ਹੈ । ਜਿਸਦੇ ਖਿਲ਼ਾਫ ਭਾਕਿਯੂ (ਏਕਤਾ) ਡਕੌਂਦਾ ਦੀ ਅਗਵਾਈ ਵਿੱਚ ਲਗਾਤਾਰ ਸੰਘਰਸ਼ ਜਾਰੀ ਹੈ । ਬੀਤੇ ਕੱਲ੍ਹ ਪੰਚਾਇਤ ਧਿਰ ਵੱਲੋਂ ਸਰਪੰਚ ਰਾਜਵੀਰ ਨੇ ਬਿਨ੍ਹਾਂ ਕਿਸੇ ਆਗਾਹ ਸੂਚਨਾ ਅਤੇ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਜ਼ਮੀਨ ਦੀ ਧੱਕੇ ਨਾਲ ਬੋਲੀ ਕਰਨ ਦੀ ਕੋਸ਼ਿਸ ਕੀਤੀ ਗਈ । ਜਿਸਦਾ ਵਿਰੋਧ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਪਿੰਡ ਇਕਾਈ ਵੱਲੋਂ ਕੀਤਾ ਗਿਆ । ਜਿਸਤੋਂ ਬਾਅਦ ਸਰਪੰਚ ਧਿਰ ਵੱਲੋਂ ਗੁੰਡਾ ਢਾਣੀ ਨੂੰ ਨਾਲ ਲੈ ਕੇ ਖੇਤਾਂ ਵਿੱਚ ਜਾ ਕੇ ਦਹਿਸ਼ਤ ਪਾਉਣ ਲਈ ਪੰਜ ਗੱਡੀਆਂ ਵਿੱਚ ਬਾਹਰੋਂ ਚਾਲੀ ਦੇ ਕਰੀਬ ਬੰਦੇ ਬੁਲਾਏ ਗਏ । ਮੌਕੇ ‘ਤੇ ਹਾਜਰ ਕਿਸਾਨਾਂ ਵੱਲੋਂ ਇਸ ਦਹਿਸ਼ਤਗਰਦੀ ਦਾ ਵਿਰੋਧ ਕੀਤਾ ਗਿਆ ਤਾਂ ਸਰਪੰਚ ਧਿਰ ਵੱਲੋਂ ਬੌਖਲਾਹਟ ਵਿੱਚ ਇੱਕ ਕਿਸਾਨ ਆਗੂ ਸੀਤਾ ਸਿੰਘ ਨੂੰ ਮਾਰ ਦੇਣ ਦੀ ਨੀਯਤ ਨਾਲ ਉਸ ਉੱਪਰ ਗੱਡੀ ਚਾੜ੍ਹ ਦਿੱਤੀ, ਜਿਸਦੇ ਫਲਸਰੂਪ ਕਿਸਾਨ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ । ਜੋ ਕੱਲ੍ਹ ਹੀ ਸਿਵਲ ਹਸਪਤਾਲ ਬੁਢਲਾਡਾ ਤੋਂ ਰਾਜਿੰਦਰਾ ਹਸਪਤਾਲ ਬੁਢਲਾਡਾ ਵਿਖੇ ਰੈਫਰ ਕੀਤਾ ਗਿਆ । ਸੀਤਾ ਸਿੰਘ ਹੁਣ ਪਟਿਆਲਾ ਵਿਖੇ ਜ਼ਿੰਦਗੀ ਮੌਤ ਦੀ ਲੜਾਈ ਲੜ੍ਹ ਰਿਹਾ ਹੈ । ਇਸ ਸਾਰੀ ਘਟਨਾ ਦਾ ਪਤਾ ਲੱਗਣ ‘ਤੇ ਭਾਕਿਯੂ (ਏਕਤਾ) ਡਕੌਂਦਾ ਦੀ ਸੂਬਾ ਪੱਧਰੀ ਟੀਮ ਅੱਜ ਪਿੰਡ ਕੁਲਰੀਆਂ ਵਿਖੇ ਦੌਰਾ ਕਰਨ ਪੁੱਜੀ ਹੋਈ ਸੀ । ਸਾਰੀ ਘਟਨਾ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਜਥੇਬੰਦੀ ਵੱਲੋਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਦੋਸ਼ੀ ਧਿਰ ਉੱਤੇ ਇਰਾਦਾ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ । ਨਾਲ ਹੀ ਪਰਚਾ ਦਰਜ ਨਾ ਕਰਨ ਦੀ ਸੂਰਤ ਵਿੱਚ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ ।
