![](https://sarayaha.com/wp-content/uploads/2025/01/dragon.png)
ਮਾਨਸਾ 7 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਮਾਨਸਾ ਤੇ ਭੀਖੀ ਦੀ ਮੀਟਿੰਗ ਡੇਰਾ ਖੂਹੀ ਵਾਲਾ ਨੇੜੇ ਮਾਨਸਾ ਕੈਂਚੀਆਂ ਵਿਖੇ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀ ਬਾਘਾ ਅਤੇ ਬਾਵਾ ਸਿੰਘ ਖੀਵਾ ਕਲਾਂ ਦੀ ਅਗਵਾਈ ਹੇਠ ਹੋਈ । ਜਿਸ ਵਿੱਚ 21 ਪਿੰਡ ਕਮੇਟੀਆਂ ਸ਼ਾਮਿਲ ਰਹੀਆਂ । ਮੀਟਿੰਗ ਵਿੱਚ ਭਖਦੇ ਕਿਸਾਨੀ ਮਸਲਿਆਂ ਦੇ ਨਾਲ-ਨਾਲ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਦੇ ਪਿਛਲੇ ਸਾਂਝੇ ਪ੍ਰੋਗਰਾਮ ਦਾ ਰਿਵਿਊ ਕੀਤਾ ਗਿਆ ਅਤੇ ਐਸਕੇਐਮ ਦੇ 9 ਫਰਵਰੀ ਦੇ ਮੈਂਬਰ ਪਾਰਲੀਮੈਂਟਾਂ ਦੇ ਦਫਤਰਾਂ ਮੂਹਰੇ ਧਰਨੇ ਵਿੱਚ ਭਰਵੀਂ ਸ਼ਮੂਲੀਅਤ ਅਤੇ ਪਿੰਡ ਜਿਉਂਦ ਕਲਾਂ ਵਿੱਚ ਚੱਲ ਰਹੇ ਜ਼ਮੀਨੀ ਘੋਲ ਦੀ ਡਟਵੀਂ ਹਮਾਇਤ ਦਾ ਫੈਸਲਾ ਕੀਤਾ ਗਿਆ ।
ਇਸ ਮੌਕੇ ਬੋਲਦਿਆਂ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਭੇਜੇ ਕੌਮੀ ਖੇਤੀ ਵਪਾਰ ਨੀਤੀ ਦੇ ਖਰੜੇ ਨੂੰ ਮੁੱਢੋਂ ਖਾਰਜ ਕਰਦੇ ਹੋਏ, ਕੇਂਦਰ ਦੀ ਯੂਨੀਅਨ ਸਰਕਾਰ ਵੱਲੋਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਲੁਕਵੇਂ ਢੰਗ ਨਾਲ ਰੱਦ ਕਰਨ ਦਾ ਕਦਮ ਦੱਸਦਿਆਂ ਇਸਨੂੰ ਤੁਰੰਤ ਵਾਪਸ ਕਰਨ ਦੀ ਮੰਗ ਕੀਤੀ ਗਈ । ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 5 ਮਾਰਚ ਨੂੰ ਲੱਗਣ ਜਾ ਰਹੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਮੋਰਚੇ ਵਿੱਚ ਜਥੇਬੰਦੀ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ । ਜਥੇਬੰਦੀ ਵੱਲੋਂ ਪਿੰਡ ਕੁੱਲਰੀਆਂ ਵਿੱਚ ਚੱਲ ਰਹੇ ਅਬਾਦਕਾਰ ਕਿਸਾਨਾਂ ਦੇ ਜ਼ਮੀਨੀ ਸੰਘਰਸ਼ ਦਾ ਰਿਵਿਊ ਕਰਦੇ ਹੋਏ ਬੀਤੇ ਦਿਨੀਂ ਪਿੰਡ ਕੁਲਰੀਆਂ ਦੇ ਕਿਸਾਨਾਂ ਉੱਤੇ ਬਰੇਟਾ ਥਾਣੇ ਵਿੱਚ ਜ਼ਮੀਨ ‘ਤੇ ਕਬਜ਼ਾ ਕਰਨ ਦੀਆਂ ਧਾਰਾਵਾਂ ਦੀ ਨਿਖੇਧੀ ਕੀਤੀ ਅਤੇ ਨਾਲ ਹੀ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ । ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ 22-23 ਫਰਵਰੀ ਨੂੰ ਮਸਤੂਆਣਾ ਵਿਖੇ ਹੋਣ ਜਾ ਰਹੇ ਸੂਬਾ ਡੈਲੀਗੇਟ ਇਜਲਾਸ ਵਿੱਚ ਜਿਲ੍ਹੇ ਭਰ ਵਿੱਚੋਂ ਆਗੂ ਕਿਸਾਨ ਔਰਤਾਂ ਸ਼ਾਮਿਲ ਹੋਣਗੇ । ਇਸ ਮੌਕੇ ਜਿਲਾ ਕਮੇਟੀ ਦੇ ਲਖਵੀਰ ਸਿੰਘ ਅਕਲੀਆ, ਬਲਵਿੰਦਰ ਸ਼ਰਮਾਂ, ਗੁਰਚਰਨ ਸਿੰਘ ਅਲੀਸ਼ੇਰ ਕਲਾਂ ਸਮੇਤ ਮਹਿੰਦਰ ਸਿੰਘ ਬੁਰਜਰਾਠੀ, ਰੂਪ ਸ਼ਰਮਾ, ਜਸਵਿੰਦਰ ਸਿੰਘ ਖੜਕ ਸਿੰਘ ਵਾਲਾ, ਕਾਲਾ ਸਿੰਘ ਅਕਲੀਆ, ਮੱਖਣ ਸਿੰਘ ਅਤਲਾ ਕਲਾਂ, ਮੇਜਰ ਸਿੰਘ ਬੁਰਜ ਢਿਲਵਾਂ, ਪੱਪੀ ਸਿੰਘ ਅਲੀਸ਼ੇਰ, ਲੀਲਾ ਸਿੰਘ ਰੜ੍ਹ ਅਤੇ ਪਿੰਡ ਕਮੇਟੀਆਂ ਸ਼ਾਮਲ ਰਹੀਆਂ ।
![](https://sarayaha.com/wp-content/uploads/2024/08/WhatsAppVideo2024-08-31at21.29.05_2cf3b751-ezgif.com-added-text-1-1.gif)