
ਮਾਨਸਾ 01 ਅਕਤੂਬਰ(ਸਾਰਾ ਯਹਾਂ/ਮੁੱਖ ਸੰਪਾਦਕ ):ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਨੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੂੰ ਉਸ ਦੀਆਂ ਨਸ਼ਾ ਵਿਰੋਧੀ ਕਾਰਵਾਈਆਂ ਕਰ ਕੇ ਨਸ਼ਾ ਤਸਕਰਾਂ ਵੱਲੋਂ ਜਾਨੋਂ ਮਾਰਨ ਦੀ ਦਿੱਤੀ ਧਮਕੀ ਦਾ ਗੰਭੀਰ ਨੋਟਿਸ ਲਿਆ ਹੈ। ਅੱਜ ਬਰਨਾਲਾ ਵਿਖੇ ਹੋਈ ਸੂਬਾਈ ਹੰਗਾਮੀ ਮੀਟਿੰਗ ਵਿੱਚ ਇਸ ਅਤਿ ਗੰਭੀਰ ਮਸਲੇ ਨੂੰ ਵਿਚਾਰਨ ਤੋਂ ਬਾਅਦ ਫੈਸਲੇ ਦੀ ਜਾਣਕਾਰੀ ਦਿੰਦਿਆਂ ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਪੰਜਾਬ ਅੰਦਰ ਲੰਬੇ ਸਮੇਂ ਤੋਂ ਨਸ਼ਿਆਂ ਦੀ ਗੰਭੀਰ ਸਮੱਸਿਆ ਬਣੀ ਹੋਈ ਹੈ। ਵੱਡੀ ਗਿਣਤੀ ਨੌਜਵਾਨ, ਨਸ਼ੇ ਦੀ ਲਪੇਟ ਵਿੱਚ ਆ ਚੁੱਕੇ ਹਨ। ਆਏ ਦਿਨ ਘਰਾਂ ਵਿੱਚ ਨੌਜਵਾਨਾਂ ਦੀ ਮੌਤ ਦੇ ਸੱਥਰ ਵਿਛ ਰਹੇ ਹਨ। ਸੂਬਾ ਕਮੇਟੀ ਨੇ ਮਹਿਸੂਸ ਕੀਤਾ ਕਿ ਭਲੇ ਹੀ ਨਸ਼ਿਆਂ ਦੀ ਸਮੱਸਿਆ ਸੰਸਾਰ ਪੱਧਰਾ ਵਰਤਾਰਾ ਹੈ। ਪਰ ਪੰਜਾਬ ਦੀ ਧਰਤੀ ‘ਤੇ ਸਾਡੀ ਜਥੇਬੰਦੀ ਨੇ ਪਿੰਡਾਂ ਦੇ ਲੋਕਾਂ ਸਮੇਤ ਹੋਰਨਾਂ ਜਥੇਬੰਦੀਆਂ ਨੂੰ ਨਾਲ ਲੈਕੇ ਨਸ਼ਿਆਂ ਨੂੰ ਠੱਲ ਪਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਸਾਡੀ ਜਥੇਬੰਦੀ ਸਮਝਦੀ ਹੈ ਕਿ ਨਸ਼ਾ ਤਸ਼ਕਰੀ ਦਾ ਇਹ ਅਰਬਾਂ-ਖਰਬਾਂ ਰੁ: ਦਾ ਕਾਰੋਬਾਰ ਸਿਆਸਤਦਾਨਾਂ ਅਤੇ ਉੱਚ ਅਫਸ਼ਰਸ਼ਾਹੀ ਦੀ ਛਤਰ ਛਾਇਆ ਹੇਠ ਚਲਦਾ/ਵਧਦਾ ਫੁੱਲਦਾ ਹੈ। ਇਸੇ ਕਰਕੇ ਸਮੇਂ-ਸਮੇਂ ਤੇ ਬਦਲਦੀਆਂ ਸਰਕਾਰਾਂ ਨਸ਼ੇ ਨੂੰ ਜੜ੍ਹੋਂ ਪੁੱਟਣ ਦੀਆਂ ਟਾਹਰਾਂ ਮਾਰਦੀਆਂ ਹਨ ਪਰ ਨਸ਼ਾ ਤਸਕਰੀ ਦਾ ਕਾਰੋਬਾਰ ਇਨ੍ਹਾਂ ਦੀ ਹੀ ਮਿਹਰਬਾਨੀ ਨਾਲ ਖੂਬ ਵਧ ਫੁੱਲ ਰਿਹਾ ਹੈ। ਮੌਜੂਦਾ ਆਮ ਆਦਮੀ ਦੀ ਸਰਕਾਰ ਸਮੇਂ ਪਰਮਿੰਦਰ ਸਿੰਘ ਝੋਟੇ ਦੀ ਮਾਨਸਾ ਪੁਲਿਸ ਵੱਲੋਂ ਗ੍ਰਿਫਤਾਰੀ ਅਤੇ ਫਰੀਦਕੋਟ ਵਿਖੇ ਭਗਵਾਨ ਸਿੰਘ ਦਾ ਨਸ਼ਾ ਤਸਕਰਾਂ ਵੱਲੋਂ ਕਤਲ ਇਸ ਦੀਆਂ ਉੱਘੜਵੀਆਂ ਉਦਾਹਰਣਾਂ ਹਨ। ਪਿੰਡ ਮਹਿਮਾ ( ਜ਼ਿਲ੍ਹਾ ਫਿਰੋਜ਼ਪੁਰ) ਬਾਰਡਰ ਦੇ ਨਜਦੀਕ ਹੋਣ ਕਾਰਨ ਇਹ ਇਲਾਕਾ, ਬਾਰਡਰ ਦੇ ਹੋਰਨਾਂ ਪਿੰਡਾਂ ਵਾਂਗ ਨਸ਼ਾ ਤਸਕਰੀ ਖਾਸ ਕਰ ਚਿੱਟੇ ਦਾ ਅੱਡਾ ਬਣਿਆ ਹੋਇਆ ਹੈ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਹਰਨੇਕ ਸਿੰਘ ਮਹਿਮਾ ਨਸ਼ੇ ਦੀ ਇਸ ਅਲਾਮਤ ਖਿਲ਼ਾਫ ਪੂਰੇ ਫਿਰੋਜ਼ਪੁਰ ਜਿਲ੍ਹੇ ਵਿੱਚ ਚੱਲ ਰਹੀ ਮੁਹਿੰਮ ਦੇ ਅਗਵਾਈ ਕਰ ਰਿਹਾ ਹੋਣ ਕਰਕੇ ਪ੍ਰਸ਼ਾਸਨ, ਰਾਜ ਕਰਦੇ ਹਾਕਮਾਂ ਅਤੇ ਨਸ਼ਾ ਤਸਕਰਾਂ ਦੀ ਅੱਖ ਵਿੱਚ ਰੋੜ ਵਾਂਗ ਰੜਕ ਰਿਹਾ ਹੈ। ਇਸੇ ਕਾਰਨ ਹਰਨੇਕ ਸਿੰਘ ਮਹਿਮਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵਾਰ ਵਾਰ ਦਿੱਤੀਆਂ ਜਾ ਰਹੀਆਂ ਹਨ। ਸੂਬਾ ਕਮੇਟੀ ਨੇ ਮਹਿਸੂਸ ਕੀਤਾ ਕਿ ਨਸ਼ਾ ਤਸਕਰਾਂ ਦੇ ਨਾਂ ਤੇ ਦਿੱਤੀਆਂ ਇਹ ਧਮਕੀਆਂ, ਹਰਨੇਕ ਸਿੰਘ ਮਹਿਮਾ ਨਾਲੋਂ ਸਾਡੀ ਜਥੇਬੰਦੀ ਅਤੇ ਨਸ਼ਾ ਵਿਰੋਧੀ ਮੁਹਿੰਮ ਲਈ ਵੱਡੀ ਚੁਣੌਤੀ ਹੈ। ਅਸੀਂ ਇਸ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਐਲਾਨ ਕਰਦੇ ਹਾਂ ਕਿ ਨਸ਼ਿਆਂ ਖਿਲ਼ਾਫ ਸ਼ੁਰੂ ਕੀਤੀ ਇਹ ਮੁਹਿੰਮ ਹੋਰ ਵਧੇਰੇ ਜੋਸ਼ ਨਾਲ ਜਾਰੀ ਰੱਖੀ ਜਾਵੇਗੀ। ਸੂਬਾ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਕਿ ਨਸ਼ਾ ਤਸਕਰੀ ਦੇ ਇਸ ਧੰਦੇ ਵਿੱਚ ਸਿਆਸਤਦਾਨ, ਪੁਲਿਸ ਅਤੇ ਗੁੰਡਾਗ੍ਰੋਹ ਇੱਕ ਮਿੱਕ ਹਨ। ਸਿਆਸੀ ਸ਼ਹਿ ਪ੍ਰਾਪਤ ਗੁੰਡਾਗ੍ਰੋਹਾਂ ਨੇ ਪਹਿਲਾਂ ਵੀ ਵਿਦਿਆਰਥੀ ਆਗੂ ਪ੍ਰਿਥੀਪਾਲ ਸਿੰਘ ਰੰਧਾਵਾ, ਅਵਤਾਰ ਸਿੰਘ ਢੁੱਡੀਕੇ ਅਤੇ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਨੂੰ ਸ਼ਹੀਦ ਕਰਕੇ ਪੰਜਾਬ ਦੀ ਅਣਖੀਲੀ ਮਿੱਟੀ ਨੂੰ ਵੰਗਾਰਿਆ ਸੀ। ਅਜਿਹੇ ਗੁੰਡਾਗ੍ਰੋਹਾਂ ਦੇ ਵਾਰ ਦਾ ਜਵਾਬ ਪੰਜਾਬ ਦੀ ਇਨਕਲਾਬੀ ਜਮਹੂਰੀ ਜਨਤਕ ਲਹਿਰ ਨੇ ਸਮੇਂ-ਸਮੇਂ ਤੇ ਨਿਧੜਕ ਹੋਕੇ ਦਿੱਤਾ ਹੈ। ਹਰਨੇਕ ਸਿੰਘ ਮਹਿਮਾ ਨੂੰ ਧਮਕੀਆਂ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ, ਜਥੇਬੰਦੀ ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਮਿਲ ਚੁੱਕੀ ਹੈ, ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਲਈ ਜਥੇਬੰਦੀ ਜ਼ੋਰਦਾਰ ਮੰਗ ਕਰਦੀ ਹੈ ਕਿ ਹਰਨੇਕ ਸਿੰਘ ਮਹਿਮਾ ਅਤੇ ਉਸ ਦੇ ਪਰਿਵਾਰ ਨੂੰ ਧਮਕੀਆਂ ਦੇਣ ਵਾਲੇ ਨਸ਼ਾ ਤਸਕਰਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਨਹੀਂ ਤਾਂ ਜਥੇਬੰਦੀ ਪੰਜਾਬ ਪੱਧਰ ਤੇ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।
