
ਬੁਢਲਾਡਾ 2 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਪਿੰਡ ਕੁਲਰੀਆਂ ਦੇ ਅਬਾਦਕਾਰ ਕਿਸਾਨਾਂ ਦੀ ਜ਼ਮੀਨ ਦੇ ਨਾਲ ਸੰਬੰਧਤ ਜੋ ਸਰਪੰਚ ਕੁਲਰੀਆਂ ਦੇ ਵੱਲੋਂ ਜਾਅਲੀ ਬੋਲੀ ਕਰਵਾਈ ਜਾ ਰਹੀ ਸੀ, ਉਸਦਾ ਜਬਰਦਸਤ ਵਿਰੋਧ ਕੀਤਾ ਗਿਆ ਅਤੇ ਜ਼ਮੀਨ ਦੀ ਬੋਲੀ ਵਾਲੀ ਜਗ੍ਹਾ ਮਨਰੇਗਾ ਭਵਨ ਦੇ ਸਾਹਮਣੇ ਧਰਨਾ ਦਿੱਤਾ ਗਿਆ ਪਰ ਅੱਜ ਸ਼ਾਮ ਤੱਕ ਇਸ ਧਰਨੇ ਦੇ ਵਿੱਚ ਕੋਈ ਵੀ ਅਧਿਕਾਰੀ ਅਤੇ ਬੋਲੀਕਾਰ ਮੌਕੇ ‘ਤੇ ਨਹੀਂ ਪਹੁੰਚਿਆ ਅਤੇ ਅੱਜ ਸ਼ਾਮ ਤਿੰਨ ਵਜੇ ਤੋਂ ਬਾਅਦ ਮਨਰੇਗਾ ਭਵਨ ਦਾ ਗੇਟ ਬੰਦ ਕਰ ਦਿੱਤਾ ਗਿਆ । ਇਸ ਕਰਕੇ ਅੱਜ ਕਿਸਾਨਾਂ ਦੇ ਰੋਹ ਸਦਕਾ ਅਬਾਦਕਾਰ ਕਿਸਾਨਾਂ ਦੀ ਜ਼ਮੀਨ ਦੀ ਜੋ ਬੋਲੀ ਧੱਕੇ ਨਾਲ ਕਰਵਾਉਣ ਦੀ ਕੋਸ਼ਿਸ ਹੋ ਰਹੀ ਸੀ, ਉਹ ਨਾਕਾਮ ਕਰ ਦਿੱਤੀ ਗਈ । ਜ਼ਮੀਨੀ ਵਿਵਾਦ 71 ਏਕੜ੍ਹ ਜਿਸਤੇ ਅਬਾਦ ਕਿਸਾਨ ਪਿਛਲੇ ਸੱਠ ਸਾਲਾਂ ਤੋਂ ਵਾਹੀ ਕਰਦੇ ਆ ਰਹੇ ਹਨ, ਪਹਿਲਾਂ ਵੀ ਉਸਦੀ ਜਬਰੀ ਬੋਲੀ ਸਾਉਣੀ ਸੀਜਣ ਵਾਸਤੇ ਕਰਵਾਈ ਜਾ ਰਹੀ ਸੀ ਪਰ ਅਖੀਰ ਜਦੋਂ ਉਹ ਬੋਲੀ ਸਫਲ ਨਾ ਹੋਈ ਤਾਂ ਇਸਤੋਂ ਬਾਅਦ ਉਹ ਬੋਲੀ ਦੇ ਕੈਂਸਲ ਹੋਣ ਤੋਂ ਬਾਅਦ ਪੰਚਾਇਤ ਨਵੇਂ ਠੇਕੇਦਾਰਾਂ ਨੂੰ ਬੋਲੀ ਦੇ ਕੇ ਜ਼ਮੀਨ ਤੋਂ ਬੇਦਖਲ ਕਰਨਾ ਚਾਹੁੰਦੀ ਹੈ । ਜਿਸ ਲਈ ਤਰਾਂ ਤਰਾਂ ਦੇ ਹੱਥਕੰਡੇ ਵਰਤੇ ਜਾ ਰਹੇ ਨੇ । ਇੱਕ ਪਾਸੇ ਜੋ ਪੁਲਿਸ ਪ੍ਰਸ਼ਾਸਨ ਧੱਕਾ ਕਰਨ ਵਾਲੀ ਸਰਪੰਚ ਧਿਰ ਦੀ ਮੱਦਦ ਕਰ ਰਿਹਾ ਹੈ ਅਤੇ ਕਿਸਾਨਾਂ ਖਿਲਾਫ ਭੁਗਤ ਰਿਹਾ ਹੈ । ਕਿਉਂਕਿ ਪਿਛਲੇ ਦਿਨੀਂ 23 ਅਕਤੂਬਰ ਨੂੰ ਸਰਪੰਚ ਅਤੇ ਉਸਦੀ ਲੱਠ ਮਾਰ ਨਾਲ ਲੈ ਕੇ ਗੁੰਡਾ ਢਾਣੀ ਵੱਲੋੰ ਲ਼ਖੀਮਪੁਰ ਘਟਨਾ ਦੀ ਤਰਜ ‘ਤੇ ਗੱਡੀਆਂ ਚਾੜ ਕੇ ਕਾਂਡ ਰਚਾਇਆ ਗਿਆ । ਕਿਸਾਨ ਸੀਤਾ ਸਿੰਘ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਗਿਆ ਜੋ ਕਿ ਰਜਿੰਦਰਾ ਹਸਪਤਾਲ ਵਿੱਚ ਜਿੰਦਗੀ ਮੌਤ ਦੀ ਲੜਾਈ ਲੜ੍ਹ ਰਿਹਾ ਹੈ । ਪੂਰੇ ਦਸ ਦਿਨਾਂ ਬਾਅਦ ਪੁਲਿਸ ਦੀ ਨੀਂਦ ਖੁੱਲੀ ਹੈ ਅਤੇ ਸੀਤਾ ਸਿੰਘ ਦਾ ਬਿਆਨ ਦਰਜ ਕੀਤਾ ਗਿਆ । ਪ੍ਰਸ਼ਸਨ ਵੱਲੋਂ ਪੱਖਪਾਤੀ ਰਵੱਈਏ ਨਾਲ ਪਹਿਲਾਂ ਐਫਆਈਆਰ ਸਰਪੰਚ ਧਿਰ ਵੱਲੋਂ ਕਟਵਾਈ ਗਈ ਹੈ । ਜਥੇਬੰਦੀ ਦੀ ਮੰਗ ਹੈ ਕਿ ਕਿਸਾਨਾਂ ‘ਤੇ ਪਾਏ ਝੂਠੇ ਪਰਚੇ ਰੱਦ ਕੀਤੇ ਜਾਣ ਅਤੇ । ਸਰਪੰਚ ਅਤੇ ਗੁੰਡਾਧਿਰ ਉੱਤੇ 307 ਦੇ ਪਰਚੇ ਪਾ ਕੇ ਜੇਲ੍ਹ ਭੇਜੇ ਜਾਣ । ਇੰਨਾਂ ਮੰਗਾਂ ਨੂੰ ਲੈ ਕੇ 3 ਨਵੰਬਰ ਨੂੰ ਜਥੇਬੰਦੀ ਵੱਲੋਂ ਡੀਐਸਪੀ ਬੁਢਲਾਡਾ ਦਾ ਘਿਰਾਉ ਕੀਤਾ ਜਾਵੇਗਾ । ਜਿਸ ਵਿੱਚ ਬਹੁਤ ਸਾਰੀਆਂ ਭਰਾਤਰੀ ਜਥੇਬੰਦੀਆਂ ਇਸ ਲੜਾਈ ਵਿੱਚ ਡਟ ਕੇ ਖੜਨ ਦਾ ਅਹਿੱਦ ਲੈਣਗੀਆਂ । ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਵੀ ਇਸ ਲੜਾਈ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ ।
