
ਚੰਡੀਗੜ੍ਹ 27,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਭਗਵੰਤ ਮਾਨ ਸਰਕਾਰ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਪੰਜਾਬ ਸਰਕਾਰ ਨੇ ਬਠਿੰਡਾ ਦੇ ਆਰਟੀਏ ਬਲਵਿੰਦਰ ਸਿੰਘ ਨੂੰ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਵੱਧ ਪਰਮਿਟ ਦੇਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ। ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਵੱਧ ਪਰਮਿਟ ਜਾਰੀ ਕਰਨ ਦੇ ਮਾਮਲੇ ਵਿੱਚ ਕਾਰਵਾਈ ਕੀਤੀ ਗਈ ਹੈ। ਕਾਂਗਰਸ ਸਰਕਾਰ ਵੇਲੇ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਵੱਧ ਪਰਮਿਟ ਜਾਰੀ ਕੀਤੇ ਗਏ ਸਨ। ਕੁਝ ਦਿਨ ਪਹਿਲਾਂ ਹੀ ਟਰਾਂਸਪੋਰਟ ਮੰਤਰੀ ਨੇ ਬਠਿੰਡਾ ਦੇ ਆਰਟੀਏ ਦਫ਼ਤਰ ਦਾ ਦੌਰਾ ਕੀਤਾ ਸੀ। ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ ਵੱਲੋਂ 26 ਮਈ ਨੂੰ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਬਠਿੰਡਾ ਦੇ ਆਰਟੀਏ ਬਲਵਿੰਦਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਸਿਵਲ ਸੇਵਾਵਾਂ ਦੇ ਨਿਯਮਾਂ ਅਨੁਸਾਰ ਤਨਖਾਹ ਮਿਲੇਗੀ। ਮੁਅੱਤਲੀ ਦੌਰਾਨ ਅਧਿਕਾਰੀ ਦਾ ਮੁੱਖ ਦਫ਼ਤਰ ਚੰਡੀਗੜ੍ਹ ਹੀ ਰਹੇਗਾ ਅਤੇ ਉਹ ਪਰਸੋਨਲ ਵਿਭਾਗ ਦੇ ਅਧਿਕਾਰੀ ਸਕੱਤਰ ਦੀ ਪ੍ਰਵਾਨਗੀ ਤੋਂ ਬਿਨਾਂ ਹੈੱਡਕੁਆਰਟਰ ਨਹੀਂ ਛੱਡੇਗਾ। ਇਸ ਗੱਲ ਦੀ ਪੁਸ਼ਟੀ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਨੇ ਕੀਤੀ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਜਦੋਂ ਟਰਾਂਸਪੋਰਟ ਮੰਤਰੀ ਕੁਲਦੀਪ ਸਿੰਘ ਭੁੱਲਰ ਨੇ
ਬਠਿੰਡਾ ਆਰਟੀਏ ਦਫ਼ਤਰ ਦਾ ਅਚਨਚੇਤ ਦੌਰਾ ਕੀਤਾ ਸੀ ਤਾਂ ਆਰਟੀਏ ਦੇ ਸਕੱਤਰ ਕੋਲ ਹੀ ਵਿਵਾਦਤ ਪ੍ਰਾਈਵੇਟ ਬੱਸ ਅਪਰੇਟਰ ਬੈਠਾ ਸੀ। ਉਸ ਸਮੇਂ ਟਰਾਂਸਪੋਰਟ ਮੰਤਰੀ ਨੇ ਆਰ.ਟੀ.ਏ. ਨੂੰ ਹੁਕਮ ਦਿੱਤਾ ਸੀ ਕਿ ਤੁਹਾਡੇ ਦਫ਼ਤਰ ਵਿੱਚ ਪ੍ਰਾਈਵੇਟ ਬੱਸ ਅਪਰੇਟਰਾਂ ਦਾ ਕੋਈ ਕੰਮ ਨਹੀਂ ਹੈ। ਉਨ੍ਹਾਂ ਉਸ ਸਮੇਂ ਆਰਟੀਏ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਵਿਕਾਸ ਗਰਗ ਪ੍ਰਮੁੱਖ ਸਕੱਤਰ, ਟਰਾਂਸਪੋਰਟ ਵਿਭਾਗ ਨੇ ਦੱਸਿਆ ਕਿ ਬਠਿੰਡਾ ਨੇ ਆਰਟੀਏ ਦੇ ਸਕੱਤਰ ਬਲਵਿੰਦਰ ਸਿੰਘ ਵੱਲੋਂ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਸਰਕਾਰ ਵੱਲੋਂ ਨਿਰਧਾਰਤ ਪਰਮਿਟਾਂ ਤੋਂ ਵੱਧ ਪਰਮਿਟ ਦਿੱਤੇ ਸਨ। ਇਸ ਕਾਰਨ ਅੱਜ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਬਠਿੰਡਾ ਦੇ ਆਰ ਟੀ ਏ ਬਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਹੁਣ ਹੀ ਮੁਅੱਤਲੀ ਦੇ ਹੁਕਮ ਦੇਖੇ ਹਨ ਪਰ ਉਨ੍ਹਾਂ ਨਿਯਮਾਂ ਦੇ ਉਲਟ ਕੋਈ ਕੰਮ ਨਹੀਂ ਕੀਤਾ ਗਿਆ।
