
ਚੰਡੀਗੜ੍ਹ 09 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਤਿੱਖੇ ਸ਼ਬਦੀ ਵਾਰ ਕੀਤੇ। ਉਨ੍ਹਾਂ ਕੈਪਟਨ ਨੂੰ ‘ਇਕ ਤਾਨਾਸ਼ਾਹੀ ਰਾਜਾ‘ ਕਰਾਰ ਦਿੰਦਿਆਂਕਿਹਾ ਕਿ ਹਿਟਲਰ ਦੀ ਤਰਾਂ ਅਮਰਿੰਦਰ ਸਿੰਘ ਕੋਲੋਂ ਵੀ ਆਪਣੀ ਨੁਕਤਾਚੀਨੀ ਝੱਲੀ ਨਹੀਂ ਜਾਂਦੀ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਕੰਮ ਨਹੀਂ ਕਰਨਾ ਤਾਂ ਉਨ੍ਹਾਂ ਨੂੰ ਆਲੋਚਨਾ ਸਹਿਣ ਦੀ ਆਦਤ ਬਣਾ ਲੈਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਜੋ ਵੀ ਕੈਪਟਨ ਸਰਕਾਰ ਦੀ ਭ੍ਰਿਸ਼ਟ, ਨਿਕੰਮੀ ਅਤੇ ਮਾਫੀਆ ਪ੍ਰਸਤ ਕਾਰਜਸ਼ੈਲੀ ਦੀ ਆਲੋਚਨਾ ਕਰਦਾ ਹੈ, ‘ਰਾਜਾਸ਼ਾਹੀ‘ ਸਰਕਾਰ ਉਸ ਦੇ ਖਿਲਾਫ ਡਟ ਜਾਂਦੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਬਾਜਵਾ ਅਤੇ ਦੂਲੋ ਕੈਪਟਨ ਦੀ ਭ੍ਰਿਸ਼ਟ, ਨਾਕਾਮ ਸਰਕਾਰ ਬਾਰੇ ਜੋ ਦੋਸ਼ ਲਗਾ ਰਹੇ ਹਨ, ਆਮ ਆਦਮੀ ਪਾਰਟੀ ਪਹਿਲਾਂ ਹੀ ਇਹ ਕੁਝ ਕਹਿੰਦੀ ਆਈ ਹੈ। ਉਨ੍ਹਾਂ ਕਿਹਾ ਭਗਵੰਤ ‘ਰਾਜਾ ਸਾਹਿਬ ਨੂੰ ਵੀ ਪਤਾ ਲੱਗ ਚੁੱਕਾ ਹੈ ਕਿ ਉਹ ਬਾਦਲਾਂ ਵਾਂਗ ਲੋਕਾਂ ਦੇ ਪੂਰੀ ਤਰਾਂ ਨੱਕੋਂ – ਬੁੱਲੋਂ ਉੱਤਰ ਚੁੱਕੇ ਹਨ। ਇਸ ਲਈ ਜਾਂਦੇ-ਜਾਂਦੇ ਜੋ ਲੁੱਟ-ਖਸੁੱਟ, ਐਸ਼ੋ-ਆਰਾਮ ਅਤੇ ਤਾਨਾਸ਼ਾਹੀ ਹੁੰਦੀ ਹੈ, ਉਹ ਕਰ ਲਈ ਜਾਵੇ।’
ਭਗਵੰਤ ਮਾਨ ਨੇ ਕੈਪਟਨ ਤੇ ਤੰਜ ਕੱਸਿਆ ਕਿ ਜੇਕਰ ਮੁੱਖ ਮੰਤਰੀ ਨੇ ਕੰਮ ਹੀ ਨਹੀਂ ਕਰਨਾ ਤਾਂ ਉਨ੍ਹਾਂ ਨੂੰ ਆਪਣੀ ਆਲੋਚਨਾ ਸਹਿਣ ਦੀ ਆਦਤ ਪਾ ਲੈਣੀ ਚਾਹੀਦੀ ਹੈ।
