ਪਟਿਆਲਾ ‘ਚ ਸਥਿਤ ਅਜ਼ੀਜ਼ਪੁਰ ਟੋਲ ਪਲਾਜ਼ਾ ‘ਤੇ ਚੰਡੀਗੜ੍ਹ ਡਿਪੂ ਦੀ ਬੱਸ ਦੇ ਡਰਾਈਵਰ ਨੇ ਇੱਕ ਮਹਿਲਾ ਮੁਲਾਜ਼ਮ ਨੂੰ ਥੱਪੜ ਮਾਰ ਦਿੱਤਾ। ਇਹ ਸਾਰੀ ਘਟਨਾ ਟੋਲ ਪਲਾਜ਼ਾ ‘ਤੇ ਲੱਗੇ ਸੀਸੀਟੀਵੀ ‘ਚ ਕੈਦ ਹੋ ਗਈ। ਬੱਸ ਦੀ ਪਛਾਣ ਇਸ ਦੇ ਨੰਬਰ ਤੋਂ ਕੀਤੀ ਗਈ ਹੈ। ਹੁਣ ਸੀਸੀਟੀਵੀ ਪਟਿਆਲਾ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ, ਜਿਸ ਦੇ ਆਧਾਰ ’ਤੇ ਬਨੂੜ ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।
ਕਿਵੇਂ ਹੋਇਆ ਇਹ ਪੂਰਾ ਵਿਵਾਦ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕੱਲ੍ਹ ਦੁਪਹਿਰ 1 ਵਜੇ ਦੇ ਕਰੀਬ ਵਾਪਰੀ। ਟੋਲ ਪਲਾਜ਼ਾ ‘ਤੇ ਕਾਫੀ ਦੇਰ ਤੱਕ ਆਵਾਜਾਈ ਰਹੀ। ਇਸ ਦੌਰਾਨ ਉਕਤ ਬੱਸ ਦੇ ਕੰਡਕਟਰ ਨੇ ਟੋਲ ਪਲਾਜ਼ਾ ਦਾ ਬੈਰੀਕੇਡ ਹਟਾ ਦਿੱਤਾ ਤੇ ਇਸ ਦੌਰਾਨ ਤਿੰਨ ਤੋਂ ਚਾਰ ਵਾਹਨ ਟੋਲ ਪਲਾਜ਼ਾ ਤੋਂ ਲੰਘ ਗਏ। ਜਿਸ ਤੋਂ ਬਾਅਦ ਜਦੋਂ ਉਕਤ ਬੱਸ ਟੋਲ ਤੋਂ ਲੰਘਣ ਲੱਗੀ ਤਾਂ ਬੱਸ ਦੇ ਕੰਡਕਟਰ ਵੱਲੋਂ ਇੱਕ ਮਹਿਲਾ ਮੁਲਾਜ਼ਮ ਨੂੰ ਥੱਪੜ ਮਾਰ ਦਿੱਤਾ ਗਿਆ ਜਿਸ ਤੋਂ ਬਾਅਦ ਮੌਕੇ ‘ਤੇ ਝਗੜਾ ਵਧ ਗਿਆ ਤਾਂ ਉਕਤ ਬੱਸ ਚਾਲਕ ਬੱਸ ਨੂੰ ਉਕਤ ਜਗ੍ਹਾ ਤੋਂ ਭਜਾ ਕੇ ਲੈ ਗਿਆ। ਹਾਲਾਂਕਿ ਟੋਲ ‘ਤੇ ਮੌਜੂਦ ਮੁਲਾਜ਼ਮਾਂ ਵੱਲੋਂ ਮੌਕੇ ‘ਤੇ ਪੱਥਰ ਵੀ ਸੁੱਟੇ ਗਏ। ਪਟਿਆਲਾ ਪੁਲਿਸ ਜਲਦੀ ਹੀ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕਰੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਪਟਿਆਲਾ ਤੋਂ ਚੰਡੀਗੜ੍ਹ ਵੱਲ ਜਾ ਰਹੀ ਸੀ।