
ਚੰਡੀਗੜ੍ਹ/ਲੁਧਿਆਣਾ 04,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਬਲਾਤਕਾਰ ਮਾਮਲੇ ‘ਚ ਅਦਾਲਤ ਵੱਲੋਂ ਭਗੌੜੇ ਕਰਾਰ ਦਿੱਤੇ ਗਏ ਸਾਬਕਾ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ (Simarjit Singh Bains) ਦੇ ਪੋਸਟਰ ਥਾਣਾ ਡਿਵੀਜ਼ਨ ਨੰਬਰ 6 ਸਣੇ ਹੋਰ ਜਨਤਕ ਥਾਵਾਂ ‘ਤੇ ਲਗਾ ਦਿੱਤੇ ਗਏ ਹਨ। ਇਸ ਮਗਰੋਂ ਹੁਣ ਬੈਂਸ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਤੇ ਇਨ੍ਹਾਂ ਕੇਸਾਂ ਨੂੰ ਸਿਆਸੀ ਬਦਲਾਖੋਰੀ ਨਾਲ ਝੂਠੇ ਪੁਲਿਸ ਮੁਕੱਦਮੇ ਕਰਾਰ ਦਿੱਤਾ ਹੈ।
ਬੈਂਸ ਨੇ ਫੇਸਬੁੱਕ ਪੋਸਟ ‘ਚ ਲਿਖਿਆ, ਬੱਦਲਾਂ ਦੀ ਗਰਜ਼ ਸੁਣਕੇ ਚਿੜੀਆਂ ਆਪਣਾ ਰਾਹ ਬਦਲ ਲੈਂਦੀਆਂ ਹੋਣਗੀਆਂ ਪਰ ਬਾਜ਼ ਹਮੇਸ਼ਾ ਤੂਫ਼ਾਨਾਂ ਦੇ ਉਲਟ ਉੱਡਦਾ ਤੇ ਮੰਜ਼ਿਲ ਫ਼ਤਹਿ ਕਰਦਾ। ਕੋਈ ਪਹਿਲੀ ਵਾਰ ਨਹੀਂ ਸਿਆਸੀ ਬਦਲਾਖੋਰੀ ਨਾਲ ਝੂਠੇ ਪੁਲਿਸ ਮੁਕੱਦਮੇ ਦਰਜ ਕੀਤੇ ਗਏ ਹੋਣ। ਵਕ਼ਤ ਦਾ ਫੇਰ ਹੈ ਤੇ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਸਦਕਾਂ ਪਾਕ ਸਾਫ਼ ਹੋ ਕੇ ਇਸ ਮੁਕੱਦਮੇ ਤੋਂ ਬਾਹਰ ਆਵਾਂਗੇ ਤੇ ਸਾਜ਼ਿਸ਼ ਕਰਨ ਵਾਲਿਆਂ ਨੂੰ ਬੇਪਰਦਾ ਕਰਕੇ ਦਮ ਲਵਾਂਗੇ…… ਲੋਕ ਇਨਸਾਫ਼ ਪਾਰਟੀ।
ਪੋਸਟਰ ‘ਚ ਬੈਂਸ ਸਣੇ ਸੱਤ ਮੁਲਜ਼ਮਾਂ ਦਾ ਜ਼ਿਕਰ ਕੀਤਾ ਗਿਆ ਹੈ। ਜੁਆਇੰਟ ਕਮਿਸ਼ਨਰ ਆਫ਼ ਪੁਲਿਸ ਲੁਧਿਆਣਾ ਦਿਹਾਤੀ ਰਵਚਰਨ ਸਿੰਘ ਬਰਾੜ (Ravcharan Singh Brar) ਨੇ ਦੱਸਿਆ ਕਿ ਬੈਂਸ ਤੇ ਹੋਰ ਮੁਲਜ਼ਮਾਂ ਦੇ ਭਗੌੜੇ ਹੋਣ ਸਬੰਧੀ ਪੋਸਟਰ ਪੁਲਿਸ ਨੇ ਥਾਣਾ ਡਿਵੀਜ਼ਨ ਨੰਬਰ 6 ਸਮੇਤ ਹੋਰ ਜਨਤਕ ਥਾਵਾਂ ‘ਤੇ ਲਗਾਏ ਗਏ ਹਨ। ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ। ਇਨ੍ਹਾਂ ਸਬੰਧੀ ਜਾਣਕਾਰੀ ਸਾਂਝਾ ਕੀਤੀ ਜਾਵੇ ਤਾਂ ਜੋ ਇਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।
ਕਮਿਸ਼ਨਰ ਨੇ ਕਿਹਾ, ਇਸ ਤੋਂ ਇਲਾਵਾ ਉਨ੍ਹਾਂ ਦੀਆਂ ਕਈ ਹੋਰ ਟੀਮਾਂ ਮਾਮਲੇ ‘ਤੇ ਕੰਮ ਕਰ ਰਹੀਆਂ ਹਨ। ਉਹ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲੈਣਗੇ। ਬੈਂਸ ਦੇ ਫੇਸਬੁੱਕ ‘ਤੇ ਐਕਟਿਵ ਹੋਣ ਸਬੰਧੀ ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਫੇਸਬੁੱਕ ਨਾਲ ਸੰਪਰਕ ਕੀਤਾ ਜਾਵੇਗਾ।
