
ਮਾਨਸਾ 15 ਜੁਲਾਈ (ਸਾਰਾ ਯਹਾ/ਹੀਰਾ ਸਿੰਘ ਮਿੱਤਲ) : ਬੱਚਿਆਂ ਦੀਆਂ ਕਾਪੀਆਂ ਤੇ ਹੁਣ ਫਿਲਮੀ ਕਲਾਕਾਰਾਂ ਦੀ ਥਾਂ ਦੇਸ਼ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਦੀਆਂ ਤਸਵੀਰਾਂ ਛਪਣ ਲੱਗੀਆਂ ਹਨ,ਜੋ ਵਿਦਿਆਰਥੀਆਂ ਅੰਦਰ ਦੇਸ਼ ਭਗਤੀ ਦੇ ਜ਼਼ਜ਼ਬੇ ਨੂੰ ਹੋਰ ਉਤਸ਼ਾਹਿਤ ਕਰਨਗੀਆਂ।
ਇਹ ਨਿਵੇਕਲੀ ਤੇ ਉਸਾਰੂ ਪਿਰਤ ਪਾਉਂਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਅਤਲਾ ਕਲਾਂ ਦੇ ਨਵੇਂ ਬਣੇ ਹੈੱਡ ਟੀਚਰ ਬਲਜਿੰਦਰ ਸਿੰਘ ਕਣਕਵਾਲ ਨੇ ਚੀਨ ਵਿੱਚ ਸ਼ਹੀਦ ਹੋਣ ਵਾਲੇ ਮਾਨਸਾ ਜ਼ਿਲ੍ਹੇ ਦੇ 23 ਸਾਲਾ ਗੁਰਤੇਜ ਸਿੰਘ ਬੀਰੇਵਾਲਾ ਡੋਗਰਾ ਤੋਂ ਇਲਾਵਾ ਉਨ੍ਹਾਂ ਨਾਲ ਸ਼ਹੀਦ ਹੋਣ ਵਾਲੇ ਸੰਗਰੂਰ ਜ਼ਿਲ੍ਹੇ ਦੇ ਸਿਪਾਹੀ ਗੁਰਬਿੰਦਰ ਸਿੰਘ ,ਨਾਇਬ ਸੂਬੇਦਾਰ ਮਨਦੀਪ ਸਿੰਘ ਪਟਿਆਲਾ, ਨਾਇਬ ਸੂਬੇਦਾਰ ਸਤਨਾਮ ਸਿੰਘ ਗੁਰਦਾਸਪੁਰ ਦੀਆਂ ਕੁਰਬਾਨੀ ਦੇ ਜ਼਼ਜ਼ਬੇ ਨੂੰ ਦਰਸਾਉਂਦੀਆਂ ਤਸਵੀਰਾਂ ਪ੍ਰਕਾਸ਼ਿਤ ਕਰਵਾਕੇ ਸਕੂਲੀ ਵਿਦਿਆਰਥੀਆਂ ਨੂੰ ਘਰ ਘਰ ਕਾਪੀਆਂ ਵੰਡੀਆਂ ਜਾ ਰਹੀਆਂ ਹਨ।
ਇਸ ਤੋਂ ਪਹਿਲਾ ਇਹ ਕਾਪੀਆਂ ਦੇਣ ਦੀ ਸ਼ੁਰੂਆਤ ਅੱਜ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿੰਘ ਮੋਹਲ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਕਰੋਨਾ ਸੰਬੰਧੀ ਹਦਾਇਤਾਂ ਦੀ ਪਾਲਣਾ ਕਰਦਿਆਂ ਕੁੱਝ ਵਿਦਿਆਰਥੀਆਂ ਨੂੰ ਇਹ ਕਾਪੀਆਂ ਭੇਂਟ ਕੀਤੀਆਂ ਅਤੇ ਬਾਕੀਆਂ ਦੀਆਂ ਕਾਪੀਆਂ ਬੱਚਿਆਂ ਦੇ ਘਰ ਘਰ ਵੰਡਣ ਦਾ ਸੁਝਾਅ ਦਿੱਤਾ ।
ਉਨ੍ਹਾਂ ਅਧਿਆਪਕਾਂ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਕਿ ਉਨ੍ਹਾਂ ਨੇ ਇਕ ਚੰਗੀ ਪਿਰਤ ਪਾਈ ਹੈ,ਇਸ ਨਾਲ ਬੱਚਿਆਂ ਚ ਦੇਸ਼ ਦੇ ਸ਼ਹੀਦਾਂ ਪ੍ਰਤੀ ਹੋਰ ਹੋਰ ਸਤਿਕਾਰ ਤੇ ਜ਼ਜ਼ਬਾ ਵਧੇਗਾ।
ਸਕੂਲ ਮੁੱਖੀ ਬਲਜਿੰਦਰ ਸਿੰਘ ਕਣਕਵਾਲ ਨੇ ਕਿਹਾ ਕਿ ਸਾਡੇ ਵਿਦਿਆਰਥੀਆਂ ਨੂੰ ਆਮ ਪੜ੍ਹਾਈ ਦੇ ਨਾਲ ਨਾਲ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਵੀ ਜਾਣੂ ਕਰਵਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਅਕਸਰ ਅਸੀਂ ਦੇਖਦੇ ਹਾਂ ਕਿ ਕਈ ਵਾਰ ਕਾਪੀਆਂ ਤੇ ਅਜਿਹੀਆਂ ਤਸਵੀਰਾਂ ਦੇਖਦੇ ਹਾਂ ਕਿ ਜੋ ਬੱਚਿਆਂ ਨੂੰ ਕੋਈ ਉਸਾਰੂ ਸੇਧ ਨਹੀਂ ਦਿੰਦੀਆਂ, ਜਿਸ ਕਰਕੇ ਹੀ ਉਨ੍ਹਾਂ ਨੇ ਸ਼ਹੀਦਾਂ ਦੀਆਂ ਤਸਵੀਰਾਂ ਨੂੰ ਪ੍ਰਕਾਸ਼ਿਤ ਕਰਵਾਕੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਹ ਉਸਾਰੂ ਚੇਟਕ ਲਾਉਣ ਦਾ ਫੈਸਲਾ ਕੀਤਾ ਹੈ।
ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ,ਸਕੂਲ ਚੇਅਰਮੈਨ ਸੁਖਦੀਪ ਸਿੰਘ,ਸਰਪੰਚ ਭੂਰਾ ਸਿੰਘ,ਜਸਵੰਤ ਸਿੰਘ ਪੰਚ,ਸਮਾਜ ਸੇਵੀ ਸੁਖਵਿੰਦਰ ਸਿੰਘ ਬਿੰਦਰੀ,ਅਜੈਬ ਸਿੰਘ ਖਜ਼ਾਨਚੀ ਗੁਰੁਦੁਆਰਾ ਕਮੇਟੀ ਨੇ ਅਧਿਆਪਕਾਂ ਦੇ ਇਸ ਉਸਾਰੂ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਹੈ। ਸਕੂਲ ਅਧਿਆਪਕ ਗੁਰਦੀਪ ਸਿੰਘ,ਅਸ਼ਵਿੰਦਰ ਸਿੰਘ,ਹੇਮਮਿੰਦਰ ਕੁਮਾਰ,ਬਲਵਿੰਦਰ ਸ਼ਰਮਾ ਨੇ ਕਿਹਾ ਕਿ ਉਹ ਭਵਿੱਖ ਚ ਵੀ ਅਜਿਹੇ ਕਾਰਜਾਂ ਨੂੰ ਉਤਸ਼ਾਹਤ ਕਰਦੇ ਰਹਿਣਗੇ।
ਨੋਡਲ ਅਫਸਰ ਮੈਡਮ ਰੇਨੂੰ ਮਹਿਤਾ ਅਤੇ ਡਿਪਟੀ ਡੀਈਓ ਗੁਰਲਾਭ ਸਿੰਘ ,ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਗੁਰਨੈਬ ਮਘਾਣੀਆਂ, ਅਧਿਆਪਕ ਆਗੂ ਅਮਨਦੀਪ ਸ਼ਰਮਾ ਨੇ ਇਸ ਚੰਗੇ ਉਪਰਾਲੇ ਤੇ ਤਸੱਲੀ ਜ਼ਾਹਿਰ ਕੀਤੀ ਹੈ।
