06,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਹੁਣ ਪੰਜਾਬ ਪੁਲਿਸ ਦੇ ਏਡੀਜੀਪੀ ਕੁਰੂਕਸ਼ੇਤਰ ਲਈ ਰਵਾਨਾ ਹੋਏ ਹਨ। ਉਹ ਕੁਝ ਦੇਰ ਵਿੱਚ ਕੁਰੂਕਸ਼ੇਤਰ ਪਹੁੰਚਣਗੇ। ਹਰਿਆਣਾ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦਿੱਲੀ ਪੁਲਿਸ ਦੇ ਕਹਿਣ ਉੱਪਰ ਪੰਜਾਬ ਪੁਲਿਸ ਦੀ ਟੀਮ ਨੂੰ ਰੋਕਿਆ ਹੈ। ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਖਿਲਾਫ ਅਗਵਾ ਦਾ ਕੇਸ ਦਾਇਰ ਕੀਤਾ ਹੈ।
ਇਸ ਤੋਂ ਪਹਿਲਾਂ ਮੁਹਾਲੀ ਦੇ ਐਸਐਸਪੀ ਵੱਲੋਂ ਕੁਰੂਕਸ਼ੇਤਰ ਦੇ ਐਸਐਸਪੀ ਨੂੰ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਮੁਲਜ਼ਮ ਤਜਿੰਦਰ ਬੱਗਾ ਨੂੰ ਜਲਦੀ ਰਿਹਾਅ ਕੀਤਾ ਜਾਵੇ। ਫੜੇ ਗਏ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਉਧਰ, ਪੰਜਾਬ ਪੁਲਿਸ ਤਜਿੰਦਰ ਬੱਗਾ ਮਾਮਲੇ ‘ਚ ਪੰਜਾਬ ਹਰਿਆਣਾ ਹਾਈਕੋਰਟ ਜਾ ਰਹੀ ਹੈ। ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਹਰਿਆਣਾ ਪੁਲਿਸ ਜਾਣਬੁੱਝ ਕੇ ਉਨ੍ਹਾਂ ਦੇ ਕੰਮ ਵਿੱਚ ਨਾਜਾਇਜ਼ ਵਿਘਨ ਪਾ ਰਹੀ ਹੈ।
ਦੱਸ ਦਈਏ ਕਿ ਬੀਜੇਪੀ ਨੇਤਾ ਤਜਿੰਦਰ ਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ। ਤਜਿੰਦਰ ਬੱਗਾ ਖਿਲਾਫ 1 ਅਪ੍ਰੈਲ ਨੂੰ ਪੰਜਾਬ ‘ਚ ਐਫਆਈਆਰ ਦਰਜ ਕੀਤੀ ਗਈ ਸੀ। ਬੱਗਾ ਖਿਲਾਫ ਭੜਕਾਊ ਬਿਆਨ ਦੇਣ, ਦੁਸ਼ਮਣੀ ਨੂੰ ਹੱਲਾਸ਼ੇਰੀ ਦੇਣ ਤੇ ਅਪਰਾਧਿਕ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਤਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫਤਾਰੀ ‘ਤੇ ਉਨ੍ਹਾਂ ਦੇ ਪਿਤਾ ਪ੍ਰੀਤਪਾਲ ਸਿੰਘ ਬੱਗਾ ਦਾ ਬਿਆਨ ਆਇਆ ਹੈ। ਪ੍ਰੀਤਪਾਲ ਸਿੰਘ ਬੱਗਾ ਨੇ ਪੰਜਾਬ ਪੁਲਿਸ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅੱਜ ਸਵੇਰੇ 10-15 ਪੁਲਿਸ ਵਾਲੇ ਸਾਡੇ ਘਰ ਆਏ ਤੇ ਤਜਿੰਦਰ ਨੂੰ ਘੜੀਸ ਕੇ ਬਾਹਰ ਲੈ ਗਏ। ਜਦੋਂ ਮੈਂ ਘਟਨਾ ਦੀ ਵੀਡੀਓ ਰਿਕਾਰਡ ਕਰਨ ਲਈ ਆਪਣਾ ਮੋਬਾਈਲ ਫ਼ੋਨ ਚੁੱਕਿਆ ਤਾਂ ਪੁਲਿਸ ਮੈਨੂੰ ਦੂਜੇ ਕਮਰੇ ਵਿੱਚ ਲੈ ਗਈ। ਅੰਦਰ ਮੇਰੇ ਚਿਹਰੇ ‘ਤੇ ਮੁੱਕਾ ਮਾਰਿਆ।”