*ਬ੍ਰਿਟੇਨ ਨੇ ਸਿੱਖ ਫ਼ੌਜੀਆਂ ਦੀ ਪੇਟਿੰਗ ਦੇਸ਼ ਤੋਂ ਬਾਹਰ ਲਿਜਾਣ ’ਤੇ ਲਾਈ ਪਾਬੰਦੀ*

0
25

(ਸਾਰਾ ਯਹਾਂ/  ਮੁੱਖ ਸੰਪਾਦਕ) ਬਰਤਾਨਵੀ ਸਰਕਾਰ ਨੇ ਪਹਿਲੇ ਵਿਸ਼ਵ ਯੁੱਧ ਵਿਚ ਹਿੱਸਾ ਲੈਣ ਵਾਲੇ ਦੋ ਭਾਰਤੀ ਸਿੱਖ ਫ਼ੌਜੀਆਂ ਦੇ ਐਂਗਲੋ-ਹੰਗਰੀ ਚਿੱਤਰਕਾਰ ਫਿਲਿਪ ਡੀ ਲਾਜ਼ਲੋ ਵੱਲੋਂ ਬਣਾਏ ਚਿੱਤਰ ਦੀ ਬਰਾਮਦ ’ਤੇ ਅਸਥਾਈ ਤੌਰ ’ਤੇ ਪਾਬੰਦੀ ਲਾ ਦਿੱਤੀ ਹੈ ਤਾਂ ਜੋ ਇਸ ਨੂੰ ਦੇਸ਼ ਤੋਂ ਬਾਹਰ ਨਾ ਲਿਜਾਇਆ ਜਾ ਸਕੇ। ਸਰਕਾਰ ਨੇ ਇਹ ਪਾਬੰਦੀ ਦੇਸ਼ ਦੀ ਇੱਕ ਸੰਸਥਾ ਨੂੰ ਇਸ ਸ਼ਾਨਦਾਰ ਤੇ ਸੰਵੇਦਨਸ਼ੀਲ ਪੇਂਟਿੰਗ ਨੂੰ ਖਰੀਦਣ ਲਈ ਸਮਾਂ ਦੇਣ ਲਈ ਲਾਈ ਹੈ।

ਦੱਸ ਦਈਏ ਕਿ ਕਰੀਬ 6.5 ਕਰੋੜ ਰੁਪਏ ਦੀ ਇਸ ਪੇਂਟਿੰਗ ਵਿੱਚ ਘੋੜਸਵਾਰ ਅਫਸਰ ਰਿਸਾਲਦਾਰ ਜਗਤ ਸਿੰਘ ਤੇ ਰਿਸਾਲਦਾਰ ਮਾਨ ਸਿੰਘ, ਬ੍ਰਿਟਿਸ਼-ਭਾਰਤੀ ਫੌਜ ਦੀ ਫੋਰਸ ਦੇ ਜੂਨੀਅਰ ਕਮਾਂਡਰ, ਜਿਨ੍ਹਾਂ ਨੇ ਫਰਾਂਸ ਵਿੱਚ ਸੋਮੇ ਦੀ ਲੜਾਈ ਵਿੱਚ ਸੇਵਾ ਕੀਤੀ ਸੀ, ਨੂੰ ਦਰਸਾਇਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਦੋਵਾਂ ਨੇ ਯੁੱਧ ਦੌਰਾਨ ਹੀ ਸ਼ਹੀਦੀ ਪ੍ਰਾਪਤ ਕੀਤੀ ਸੀ।

ਦਰਅਸਲ ਇਹ ਤਸਵੀਰ ਕਾਫੀ ਦੁਰਲੱਭ ਹੈ, ਜੋ ਪਹਿਲੇ ਵਿਸ਼ਵ ਯੁੱਧ ਵਿੱਚ ਭਾਰਤੀਆਂ ਦੀ ਸਰਗਰਮ ਹਿੱਸੇਦਾਰੀ ਨੂੰ ਦਰਸਾਉਂਦੀ ਹੈ। ਬਰਤਾਨੀਆ ਦੇ ਕਲਾ ਤੇ ਵਿਰਾਸਤ ਮੰਤਰੀ ਲਾਰਡ ਸਟੀਫਨ ਪਾਰਕਿੰਸਨ ਨੇ ਕਿਹਾ, ‘‘ਇਹ ਸ਼ਾਨਦਾਰ ਅਤੇ ਸੰਵੇਦਨਸ਼ੀਲ ਪੇਂਟਿੰਗ ਸਾਡੇ ਇਤਿਹਾਸ ਦੇ ਮਹੱਤਵਪੂਰਨ ਪਲ ਨੂੰ ਦਰਸਾਉਂਦੀ ਹੈ, ਜਦੋਂ ਪਹਿਲੇ ਵਿਸ਼ਵ ਯੁੱਧ ’ਚ ਲੜਨ ਵਾਸਤੇ ਮਦਦ ਲਈ ਦੁਨੀਆ ਭਰ ਤੋਂ ਫੌਜਾਂ ਨੂੰ ਲਿਆਂਦਾ ਗਿਆ ਸੀ।’’

ਦੱਸ ਦਈਏ ਕਿ ਪਹਿਲੇ ਵਿਸ਼ਵ ਯੁੱਧ ਦੌਰਾਨ 15 ਲੱਖ ਭਾਰਤੀ ਫ਼ੌਜੀ ਤਾਇਨਾਤ ਕੀਤੇ ਗਏ ਸਨ ਤੇ ਰਿਕਾਰਡ ਅਨੁਸਾਰ ਤਸਵੀਰ ਵਿਚਲੇ ਦੋ ਸੈਨਿਕ ਫਰਾਂਸ ਵਿਚ ਲੜਨ ਲਈ ਭੇਜੇ ਜਾਣ ਤੋਂ ਦੋ ਮਹੀਨੇ ਪਹਿਲਾਂ ਲੰਡਨ ਵਿਚ ਫਿਲਿਪ ਡੀ ਲਾਜ਼ਲੋ ਦੇ ਸਾਹਮਣੇ ਬੈਠੇ ਸਨ ਤਾਂ ਜੋ ਉਹ ਉਨ੍ਹਾਂ ਦੇ ਚਿੱਤਰ ਬਣਾ ਸਕੇ।

ਦਰਅਸਲ ਮੰਨਿਆ ਜਾਂਦਾ ਹੈ ਕਿ ਡੀ ਲਾਜ਼ਲੋ ਨੇ ਇਹ ਪੇਂਟਿੰਗ ਆਪਣੇ ਸੰਗ੍ਰਹਿ ਲਈ ਬਣਾਈ ਸੀ ਤੇ ਇਸ ਨੂੰ 1937 ਵਿੱਚ ਉਸ ਦੀ ਮੌਤ ਤੱਕ ਉਸ ਦੇ ਸਟੂਡੀਓ ਵਿੱਚ ਰੱਖਿਆ ਗਿਆ ਸੀ। ਬਰਤਾਨੀਆ ਸਰਕਾਰ ਨੇ ਇਕ ਕਮੇਟੀ ਦੀ ਸਲਾਹ ’ਤੇ ਇਸ ਤਸਵੀਰ ਦੀ ਬਰਾਮਦ ਪਾਬੰਦੀ ਲਾਈ ਹੈ।

LEAVE A REPLY

Please enter your comment!
Please enter your name here