ਮਾਨਸਾ, 24 ਜੁਲਾਈ: (ਸਾਰਾ ਯਹਾਂ/ਮੁੱਖ ਸੰਪਾਦਕ ):
ਹਰਿਆਣਾ ਦੀ ਹੱਦ ਵਿਚ ਪੈਂਦੇ ਪਿੰਡ ਸਿਧਾਣੀ ਨੇੜੇ ਘੱਗਰ ਵਿਚ ਪਏ ਪਾੜ ਨੂੰ ਪੂਰਨ ਦੀ ਪ੍ਰਕਿਰਿਆ ’ਚ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਤੌਰ ’ਤੇ ਜੁਟੇ ਭਾਰਤੀ ਸੈਨਾ ਦੇ ਜਵਾਨਾਂ ਦੀ ਕਾਰਗੁਜ਼ਾਰੀ ਦਾ ਬ੍ਰਿਗੇਡੀਅਰ ਅਸ਼ੀਸ਼ ਮੁਟਰੇਜਾ ਨੇ ਜਾਇਜ਼ਾ ਲਿਆ। ਇਸ ਮੌਕੇ ਐਸ.ਡੀ.ਐਮ. ਬੁਢਲਾਡਾ ਸ੍ਰੀ ਪ੍ਰਮੋਦ ਸਿੰਗਲਾ, ਕਰਨਲ ਭੰਵਰਦੀਪ ਸਿੰਘ, ਮੇਜਰ ਐਸ.ਵੀ. ਭਾਰਥ ਰੈਡੀ ਮੌਜੂਦ ਸਨ।
ਬ੍ਰਿਗੇਡੀਅਰ ਅਸ਼ੀਸ਼ ਮੁਟਰੇਜਾ ਨੇ ਦਿਨਰਾਤ ਤਨਦੇਹੀ ਨਾਲ ਡਿਊਟੀ ਨਿਭਾਉਂਦਿਆਂ ਭਾਰਤੀ ਸੈਨਾ ਦੇ ਜਵਾਨਾਂ ਵੱਲੋਂ ਬੰਨ੍ਹ ਨੂੰ ਪੂਰਨ ਲਈ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ ਅਤੇ ਜਵਾਨਾਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਤੋਂ ਪਹਿਲਾਂ ਐਸ.ਡੀ.ਐਮ. ਬੁਢਲਾਡਾ ਸ੍ਰੀ ਪ੍ਰਮੋਦ ਸਿੰਗਲਾ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਬੰਨ੍ਹ ਨੂੰ ਪੂਰਨ ਦੇ ਕੰਮ ਅੰਦਰ ਤੇਜੀ ਲਿਆਉਣ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਵੱਲੋਂ ਖੁਦ ਬੰਨ੍ਹ ਪੂਰਨ ਦੇ ਚੱਲ ਰਹੇ ਕੰਮ ਦੀ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਲਈ ਰਾਹਤ ਦੀ ਖ਼ਬਰ ਹੈ ਕਿ ਚਾਂਦਪੁਰਾ ਸਾਈਫਨ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਕਾਫੀ ਹੇਠਾਂ ਚੱਲ ਰਿਹਾ ਹੈ।
ਇਸ ਮੌਕੇ ਲੈਫਟੀਨੇਟ ਕਰਨਲ ਵੈਂਕਟ ਕ੍ਰਿਸ਼ਨ, ਕੈਪਟਨ ਸੌਮਯਾ ਰੰਜਨ ਗੌੜਾ, ਮੇਜਰ ਵੈਭਵ ਪਾਂਡੇ, ਐਕਸੀਅਨ ਡਰੇਨਜ਼ ਸਰੂਪ ਚੰਦ ਸਮੇਤ ਡਰੇਨਜ਼ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।