
15,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) :ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬ੍ਰਾਹਮਣ ਸਮਾਜ ਕੋਲੋਂ ਮੁਆਫੀ ਮੰਗਦਿਆਂ ਕਿਹਾ ਕਿ ਪਿਛਲੇ ਦਿਨੀਂ ਚੋਣ ਪ੍ਰਚਾਰ ਦੌਰਾਨ ਉਨ੍ਹਾਂ ‘ਕਾਲਾ ਬ੍ਰਾਹਮਣ’ ਸਿਰਫ ਇਕ ਵਿਅਕਤੀ ਵਿਸ਼ੇਸ਼ ਲਈ ਵਰਤਿਆ ਸੀ ਜੋ ਅਹਿਸਾਨ ਫਰਾਮੋਸ਼ ਹੈ ਪਰ ਜੇਕਰ ਇਸ ਟਿੱਪਣੀ ਨਾਲ ਕਿਸੇ ਹੋਰ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਧਰਤੀ ਉਤੇ ਪਰਨਾ ਰੱਖ ਕੇ ਪੂਰੇ ਬ੍ਰਾਹਮਣ ਸਮਾਜ ਕੋਲੋਂ ਮੁਆਫੀ ਮੰਗਦਾ ਹੈ, ਕਿਉਂਕਿ ਉਹ ਲੋਕ ਉਸ ਦੀ ਪੱਗ ਅਤੇ ਇੱਜ਼ਤ ਹਨ।
ਸਿੱਧੂ ਨੇ ਕਿਹਾ ਕਿ ਭਾਵੇਂ ਉਹ ਹਲਕੇ ਦੇ ਵਰਕਰਾਂ ਨਾਲ ਸਿੱਧਾ ਸੰਪਰਕ ਨਹੀਂ ਰੱਖ ਸਕਿਆ ਪਰ ਇਸ ਦੌਰਾਨ ਉਸ ਨੇ ਨਾ ਤਾਂ ਕਿਸੇ ਖਿਲਾਫ਼ ਕੋਈ ਨਾਜਾਇਜ਼ ਪਰਚਾ ਦਰਜ ਕਰਵਾਇਆ ਅਤੇ ਨਾ ਹੀ ਕੋਈ ਨਾਜਾਇਜ਼ ਕੰਮ ਕੀਤਾ, ਸਗੋਂ ਹਮੇਸ਼ਾ ਇਮਾਨਦਾਰੀ ਨਾਲ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਨੂੰ ਤਰਜੀਹ ਦਿੱਤੀ ਹੈ।
ਸਿੱਧੂ ਨੇ ਆਪਣੇ ਹਲਕੇ ‘ਚ ਪ੍ਰਚਾਰ ਕਰਦਿਆਂ ਕਿਹਾ ਕਿ ਹਲਕਾ ਪੂਰਬੀ ‘ਚ 100 ਚੰਗੇ ਕੰਮ ਕਰਨ ਤੋਂ ਬਾਅਦ ਹੋਈ ਇਕ ਮਾੜੀ ਗੱਲ ਲਈ ਉਹ ਲੋਕਾਂ ਕੋਲੋਂ ਮੁਆਫੀ ਮੰਗਦਾ ਹੈ ਕਿ ਉਹ ਆਪਣੇ ਰੱਬ ਵਰਗੇ ਇਲਾਕਾ ਵਾਸੀਆਂ ਤੇ ਵਰਕਰਾਂ ਨਾਲ ਸਿੱਧਾ ਸੰਪਰਕ ਨਹੀਂ ਰੱਖ ਸਕਿਆ ਹੈ ਪਰ ਇਸ ਦੌਰਾਨ ਸਿੱਧੂ ਜੇਕਰ ਵਿਧਾਇਕ ਹੈ ਤਾਂ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਹਮੇਸ਼ਾਂ ਵੱਖ-ਵੱਖ ਇਲਾਕਿਆਂ ‘ਚ ਵਿਚਰਦੇ ਰਹੇ ਹਨ।
ਸਿੱਧੂ ਨੇ ਕਿਹਾ ਕਿ ਹੁਣ ਉਸ ਨੇ ਪ੍ਰਣ ਕੀਤਾ ਹੈ ਕਿ ਹਲਕਾ ਪੂਰਬੀ ਦੇ ਲੋਕਾਂ ਲਈ ਇਕ ਵੱਖਰਾ ਮੋਬਾਇਲ ਨੰਬਰ ਹੋਵੇਗਾ ਅਤੇ ਕੋਈ ਵੀ ਵਰਕਰ ਭਾਵੇਂ ਉਹ ਰਾਤ ਨੂੰ 2 ਵਜੇ ਵੀ ਫੋਨ ਕਰੇ, ਤਾਂ ਸਿੱਧੂ ਖੁਦ ਹਾਜ਼ਰ ਹੋਵੇਗਾ।
