
ਸੁਨਾਮ ਊਧਮ ਸਿੰਘ ਵਾਲਾ, 20 ਅਪ੍ਰੈਲ (ਸਾਰਾ ਯਹਾਂ/ ਮੁੱਖ ਸੰਪਾਦਕ ):: ਆਪਣੇ ਭਾਈਚਾਰੇ ਨੂੰ ਸੰਗਠਿਤ ਕਰਕੇ ਹੀ ਸਮਾਜ ਵਿੱਚ ਬਣਦਾ ਮਾਨ-ਸਨਮਾਨ ਦਿਵਾਇਆ ਜਾ ਸਕਦਾ ਹੈ। ਇਸ ਉਦੇਸ਼ ਨੂੰ ਲੈ ਕੇ ਬ੍ਰਾਹਮਣ ਸਮਾਜ ਨੂੰ ਇਕ ਮੰਚ ਤੇ ਇਕੱਠਾ ਕਰਨ ਦਾ ਸੁਪਨਾ ਬੁਣਿਆ ਗਿਆ ਸੀ ਅਤੇ ਹੁਣ ਬ੍ਰਾਹਮਣ ਸਮਾਜ ਨੂੰ ਇੱਕ ਮੰਚ ਤੇ ਇਕੱਠਾ ਕਰਨ ਦੇ ਯਤਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਚੁੱਕਿਆ ਹੈ। ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਦੇ ਰਾਸ਼ਟਰੀ ਬੁਲਾਰੇ ਅਤੇ ਬ੍ਰਾਹਮਣ ਸਭਾ ਪੰਜਾਬ ਦੇ ਇੰਚਾਰਜ ਪ੍ਰਦੀਪ ਮੈਨਨ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਤੋਂ ਪੰਜਾਬ ਵਿੱਚ ਵੱਖ-ਵੱਖ ਬ੍ਰਾਹਮਣ ਸਭਾਵਾਂ ਦੇ ਆਗੂਆਂ ਨੂੰ ਲੈ ਕੇ 21 ਮੈਂਬਰੀ ਸਾਂਝੀ ਕਮੇਟੀ ਬਣਾਈ ਗਈ ਹੈ, ਉਸ ਸਮੇਂ ਤੋਂ ਹੀ ਸਾਰੇ ਪੰਜਾਬ ਤੋਂ ਬਹੁਤ ਪਿਆਰ ਮਿਲ ਰਿਹਾ ਹੈ ਅਤੇ ਸਾਰੇ ਬ੍ਰਾਹਮਣ ਭਰਾਵਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਿਉਂਕਿ ਸਾਰਾ ਬ੍ਰਾਹਮਣ ਭਾਈਚਾਰਾ ਇਕ ਝੰਡੇ ਥੱਲੇ ਇਕੱਠਾ ਹੋਣਾ ਚਾਹੁੰਦਾ ਹੈ। ਮੈਨਨ ਨੇ ਕਿਹਾ ਕਿ ਪੰਜਾਬ ਵਿੱਚ ਕਈ ਬ੍ਰਾਹਮਣ ਸਭਾਵਾਂ ਚੱਲ ਰਹੀਆਂ ਹਨ। ਜਿਨ੍ਹਾਂ ਵਿੱਚੋਂ ਇੱਕ ਬ੍ਰਾਹਮਣ ਸਭਾ ਪੰਜਾਬ ਦਾ ਮੈਂ ਸੂਬਾ ਇੰਚਾਰਜ ਹਾਂ। ਉਨ੍ਹਾਂ ਕਿਹਾ ਕਿ ਬ੍ਰਾਹਮਣ ਭਾਈਚਾਰੇ ਨੂੰ ਇੱਕ ਮੰਚ ਤੇ ਇਕੱਠਾ ਕਰਨ ਦੇ ਉਦੇਸ਼ ਨਾਲ ਮੈਂ ਆਪਣੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ। ਕਿਉਂਕਿ ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਅਤੇ ਆਲ ਇੰਡੀਆ ਬ੍ਰਾਹਮਣ ਫਰੰਟ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਇੱਕ ਮਜ਼ਬੂਤ ਬ੍ਰਾਹਮਣ ਸੰਗਠਨ ਹੋਣਾ ਚਾਹੀਦਾ ਹੈ। ਇਸ ਲਈ ਹੁਣ ਮੈਂ ਸਿਰਫ਼ ਇੱਕ ਬ੍ਰਾਹਮਣ ਸਭਾ ਪੰਜਾਬ ਨੂੰ ਹੀ ਨਹੀਂ, ਬਲਕਿ ਸਾਰੇ ਬ੍ਰਾਹਮਣ ਸਮਾਜ ਨੂੰ ਇੱਕ ਮੰਚ ਤੇ ਇਕੱਠਾ ਕਰਨ ਲਈ ਸ਼ੁਰੂ ਕੀਤੇ ਗਏ ਕੰਮ ਨੂੰ ਹੋਰ ਅੱਗੇ ਵਧਾਉਣਾ ਹੈ। ਇਸ ਮੌਕੇ ਮੈਨਨ ਨੇ ਪੰਜਾਬ ਦੇ ਸਾਰੇ ਬ੍ਰਾਹਮਣ ਭਾਈਚਾਰੇ ਦੇ ਨੌਜਵਾਨਾਂ ਨੂੰ ਅੱਗੇ ਆਉਣ ਅਤੇ ਬ੍ਰਾਹਮਣ ਸਮਾਜ ਦੇ ਹਿੱਤਾਂ ਲਈ ਕੰਮ ਕਰਨ ਦੀ ਪ੍ਰੇਰਨਾ ਦਿੱਤੀ।
