ਬੋਹਾ 20 ਅਪਰੈਲ ( ਸਾਰਾ ਯਹਾਂ /ਦਰਸ਼ਨ ਹਾਕਮਵਾਲਾ )-ਬੋਹਾ ਰਜਬਾਹਾ ਵਿਚ ਪਾਣੀ ਪਿੱਛਲੇ ਦਾਂ ਤੋਂ ਚੱਲ ਰਹੀ ਬੰਦੀ ਕਾਰਨ ਜਿੱਥੇ ਇਸ ਖੇਤਰ ਵਿਚ ਨਰਮੇ ਦੀ ਬਿਜਾਈ ਲਗਾਤਾਰ ਪੱਛੜ ਰਹੀ ਹੈ ਉੱਥੇ ਪੀਣ ਵਾਲੇ ਪਾਣੀ ਦੀ ਥੁੜ ਵੀ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸ ਖੇਤਰ ਦੇ ਕਿਸਾਨ ਨਰਮੇ ਦੀ ਬਿਜਾਈ ਵਿਚ ਹੋ ਰਹੀ ਦੇਰੀ ਨੂੰ ਲੈ ਕੇ ਬਹੁਤ ਫਿਕਰਮੰਦ ਹਨ । ਕਿਸਾਨ ਆਗੂ ਗੁਰਮੀਤ ਸਿੰਘ ਸੇਰਖਾਂ, ਲਕਸ਼ਦੀਪ ਉਪਲ, ਭੋਲਾ ਸਿੰਘ ਤੇ ਬਿੱਕਰ ਸਿੰਘ ਨੇ ਕਿਹਾ ਕਿ ਕਣਕ ਦੀ ਵਾਢੀ ਕਾਰਨ ਬਿਜਲੀ ਦੇ ਲੰਬੇ ਕੱਟ ਲੱਗ ਰਹੇ ਹਨ ਜਿਸਦੇ ਚਲਦਿਆਂ ਉਹ ਧਰਤੀ ਹੇਠਲੇ ਪਾਣੀ ਨਾਲ ਵੀ ਨਰਮੇ ਦੀ ਬਿਜਾਈ ਨਹੀ ਕਰ ਸਕਦੇ। ਉਨ੍ਹਾਂ ਕਿਹਾ ਕਿ ਇਸ ਖੇਤਰ ਦੀ ਧਰਤੀ ਹੇਠਲਾ ਪਾਣੀ ਖਾਰਾ ਤੇ ਫਸਲਾਂ ਲਈ ਹਾਨੀਕਾਰਨ ਕਾਰਨ ਹਰ ਕਿਸਾਨ ਦੀ ਇੱਛਾ ਹੈ ਕਿ ਉਹ ਨਹਿਰੀ ਪਾਣੀ ਨਾਲ ਹੀ ਨਰਮੇ ਦੀ ਬਿਜਾਈ ਕਰੇ। ਉਨ੍ਹਾਂ ਦੱਸਿਆ ਕਿ ਇਸ ਖੇਤਰ ਦੇ ਲੋਕ ਪੀਣ ਵਾਲੇ ਪਾਣੀ ਲਈ ਵੀ ਇਸ ਰਜਬਾਹੇ ‘ਤੇ ਹੀ ਨਿਰਭਰ ਹਨ। ਨਹਿਰੀ ਬੰਦੀ ਕਾਰਨ ਰਾਜਬਾਹੇ ਨਾਲ ਜੁੜੇ ਵਾਟਰ ਵਰਕਸਾਂ ਵਿਚ ਜਾਂ ਤਾਂ ਪਾਣੀ ਖਤਮ ਹੋ ਗਿਆ ਹੈ ਜਾਂ ਫਿਰ ਖਤਮ ਹੋਣ ਦੇ ਨੇੜੇ ਹੈ । ਇਸ ਲਈ ਲੋਕਾਂ ਨੂੰ ਲੋੜੀਦੀ ਮਾਤਰਾ ਵਿਚ ਪੀਣ ਵਾਲੇ ਪਾਣੀ ਵੀ ਨਹੀਂ ਮਿਲ ਰਿਹਾ ਤੇ ਉਹ ਧਰਤੀ ਹੇਠਲਾ ਤੇਜ਼ਾਬੀ ਪਾਣੀ ਪੀਣ ਲਈ ਮਜਬੂਰ ਹਨ। ਜਦੋ ਇਸ ਸਬੰਧੀ ਨਹਿਰੀ ਵਿਭਾਗ ਦੇ ਉਪ ਮੰਡਲ ਅਫਸਰ ਨਰਿੰਦਰ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾ ਕਿਹਾ ਕਿ ਪਿੱਛੋ ਪਾਣੀ ਦੀ ਘਾਟ ਹੋਚਣ ਕਾਰਨ ਇਸ ਰਜਬਾਹੇ ਵਿਚ ਪਾਣੀ ਛੱਡਣ ਵਿਚ ਕੁਝ ਮੁਸ਼ਕਲ ਪੇਸ ਆ ਰਹੀ ਹੈ. ਉਹਨਾਂ ਕਿਹਾ ਕਿ ਮੇਰੇ ਵੱਲੋਂ ਇਸ ਰਜਬਾਹੇ ਵਿਚ 250 ਕਿਊਸਕ ਪਾਣੀ ਛੱਡਣ ਲਈ ਮਹਿਕਮੇ ਨੂੰ ਲਿਖਿਆ ਗਿਆ ਹੈ ਤੇ ਆਉਣ ਵਾਲੇ ਤਿੰਨ ਚਾਰ ਦਿਨਾ ਤੱਕ ਇਸ ਰਜਬਾਹੇ ਵਿਚ ਪਾਣੀ ਛੱਡ ਦਿੱਤਾ ਜਾਵੇਗਾ।