ਬੋਹਾ 28 ,ਮਾਰਚ (ਸਾਰਾ ਯਹਾਂ /ਦਰਸ਼ਨ ਹਾਕਮਵਾਲਾ)- ਪੰਜਾਬ ਦੀ ਸਰਕਾਰ ਸਿੱਖਿਆ ਅਤੇ ਸਿਹਤ ਨੂੰ ਲੈ ਕੇ ਕਿੰਨੀ ਕੁ ਗੰਭੀਰ ਹੈ ਇਸ ਗੱਲ ਦਾ ਪਤਾ ਇਸ ਤੋਂ ਲੱਗਦਾ ਹੈ ਕਿ ਜਿਥੇ ਸਿੱਖਿਆ ਦੇ ਖੇਤਰ ਵਿੱਚ ਸਕੂਲ ਬੰਦ ਪਏ ਹੋਣ ਕਾਰਨ ਸਕੂਲਾਂ ਦੇ ਪ੍ਰਬੰਧਕ ਸੰਘਰਸ਼ ਦੇ ਰਾਹ ਤੇ ਹਨ ਉਥੇ ਸੂਬੇ ਦੇ ਸਰਕਾਰੀ ਹਸਪਤਾਲਾਂ ਦਾ ਬਹੁਤ ਬੁਰਾ ਹਾਲ ਹੈ ।ਇਹੋ ਹਾਲ ਹੈ ਤਹਿਸੀਲ ਬੁਢਲਾਡਾ ਅਧੀਨ ਪੈਂਦੇ ਕਸਬਾ ਬੋਹਾ ਦੇ ਸਰਕਾਰੀ ਹਸਪਤਾਲ (ਪੀ ਐਚ ਸੀ )ਦਾ ।ਜੋ ਸਟਾਫ ਦੀ ਘਾਟ ਕਾਰਨ ਲੋਕਾਂ ਦਾ ਇਲਾਜ ਕਰਨ ਦੀ ਥਾਂ ਖ਼ੁਦ ਹੀ ਬਿਮਾਰ ਹੈ ।ਆਲਮ ਇਹ ਹੈ ਕਿ ਇੱਥੇ ਸਟਾਫ ਦੀ ਘਾਟ ਕਾਰਨ ਆਉਣ ਵਾਲੇ ਮਰੀਜ਼ਾਂ ਨੂੰ ਨਿਰਾਸ਼ ਹੀ ਮੁੜਨਾ ਪੈਂਦਾ ਹੈ ਜਿਸ ਕਾਰਨ ਇਹ ਹਸਪਤਾਲ ਜ਼ਿਆਦਾਤਰ ਸੁੰਨਸਾਨ ਹੀ ਪਿਆ ਰਹਿੰਦਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਸੁਰਜੀਤ ਸਿੰਘ ਸੋਢੀ ਸਮਾਜ ਸੇਵੀ ਗੁਰਮੀਤ ਸਿੰਘ ਬੋਹਾ ਕਿਸਾਨ ਆਗੂ ਅਵਤਾਰ ਸਿੰਘ ਗਾਦੜਪੱਤੀ ਸਮਾਜ ਸੇਵੀ ਸੁਨੀਲ ਕੁਮਾਰ ਬੰਟੀ ਨੇ ਆਖਿਆ ਕਿ ਕਿਸੇ ਸਮੇਂ ਕਰੋੜਾਂ ਦੀ ਲਾਗਤ ਨਾਲ ਬਣਾਇਆ ਹੋਇਆ ਇਹ ਹਸਪਤਾਲ ਅੱਜ ਸਿਹਤ ਸਹੂਲਤਾਂ ਦੇਣ ਤੋਂ ਪੂਰੀ ਤਰ੍ਹਾਂ
ਅਸਮਰੱਥ ਹੈ ਜਿਸ ਦਾ ਕਾਰਨ ਇੱਥੇ ਡਾਕਟਰਾਂ ਅਤੇ ਹੋਰ ਲੋੜੀਂਦੇ ਸਟਾਫ਼ ਦਾ ਨਾ ਹੋਣਾ ਹੈ ।ਪੱਤਰਕਾਰਾਂ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਸਪਤਾਲ ਦਾ ਪ੍ਰਮੁੱਖ ਡਾਕਟਰ ਮੈਡੀਕਲ ਛੁੱਟੀ ਤੇ ਚੱਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਸਟਾਫ਼ ਰਿਟਾਇਰਡ ਹੋ ਚੁੱਕਾ ਹੈ ਜਿਨ੍ਹਾਂ ਵਿਚੋਂ ਇਕ ਸਟਾਫ ਨਰਸ ਦੋ ਕਲਾਸ ਫੋਰ ਅਤੇ ਇੱਕ ਚੌਕੀਦਾਰ ਰਿਟਾਇਰ ਹੋਣ ਉਪਰੰਤ ਕੋਈ ਵੀ ਅਸਾਮੀ ਦੁਬਾਰਾ ਨਹੀਂ ਭਰੀ ਗਈ ।ਇੱਥੇ ਦੋ ਏ ਐੱਨ ਐੱਮ ਹਨ ਜਿਨ੍ਹਾਂ ਵਿਚੋਂ ਇੱਕ ਰੈਪੂਟੇਸ਼ਨ ਉੱਤੇ ਆਲਮਪੁਰ ਮੰਦਰਾਂ ਚਲੀ ਗਈ ਹੈ ਅਤੇ ਦੋ ਸਟਾਫ ਨਰਸਾਂ ਵਿੱਚੋਂ ਇਕ ਦੀ ਡਿਊਟੀ ਕੋਰੋਨਾ ਦੀ ਸੈਂਪਲਿੰਗ ਤੇ ਹੈ ਦੂਸਰੀ ਸਰਕਾਰੀ ਹਸਪਤਾਲ ਬੁਢਲਾਡਾ ਭੇਜ ਦਿੱਤੀ ਗਈ ਹੈ ਜਿਸ ਕਾਰਨ ਜਣੇਪਾ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਤ ਹਨ ਅਤੇ ਜਣੇਪੇ ਲਈ ਇੱਥੇ ਪੁੱਜਣ ਵਾਲੇ ਮਰੀਜ਼ਾਂ ਨੂੰ ਨਿਰਾਸ਼ ਵਾਪਸ ਪਰਤਣਾ ਪੈਂਦਾ ਹੈ ਅਤੇ ਬੁਢਲਾਡਾ ਜਾਂ ਹੋਰ ਵੱਡੇ ਸ਼ਹਿਰਾਂ ਵਿਚ ਜਾਣ ਲਈ ਮਜਬੂਰ ਹਨ ।ਇਸ ਹਸਪਤਾਲ ਵਿੱਚ ਇੱਕ ਲੈਬ ਟੈਕਨੀਸ਼ੀਅਨ ਤਕਨੀਸ਼ੀਅਨ ਹੈ ਜਿਸ ਨੂੰ ਤਿੰਨ ਦਿਨ ਬਰੇਟਾ ਭੇਜਿਆ ਜਾਂਦਾ ਹੈ ਅਤੇ ਬਾਕੀ ਦਿਨ ਤਿੰਨ ਦਿਨ ਇੱਥੇ ਰਹਿੰਦਾ ਹੈ ਜਿਸ ਕਾਰਨ ਆਮ ਦਿਨਾਂ ਵਿੱਚ ਲੋਕਾਂ ਨੂੰ ਟੈਸਟ ਕਰਾਉਣ ਵਿੱਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਲੋਕ ਪ੍ਰਾਈਵੇਟ ਲੈਬਾਰਟਰੀਆਂ ਵਿੱਚੋਂ ਟੈਸਟ ਕਰਵਾਉਣ ਲਈ ਮਜਬੂਰ ਹਨ ।ਇਥੋਂ ਦਾ ਇਕ ਹੋਰ ਮੁਲਾਜ਼ਮ ਕੋਰੋਨਾ ਪੌਜ਼ੀਟਿਵ ਹੋਣ ਕਾਰਨ ਛੁੱਟੀ ਤੇ ਹੈ ਅਤੇ ਹਸਪਤਾਲ ਵਿਚ ਸਵੀਪਰ ਦੀ ਅਸਾਮੀ ਵੀ ਖਾਲੀ ਪਈ ਹੈ ।ਸੋ ਕੁੱਲ ਮਿਲਾ ਕੇ ਜੇਕਰ ਦੇਖਿਆ ਜਾਵੇ ਤਾਂ ਵਿਭਾਗ ਦੇ ਚੌਵੀ ਘੰਟੇ ਐਮਰਜੈਂਸੀ ਸੇਵਾਵਾਂ ਦੇਣ ਦੇ ਦਾਅਵੇ ਪੂਰੀ ਤਰ੍ਹਾਂ ਖੋਖਲੇ ਸਾਬਤ ਹੋ ਰਹੇ ਹਨ ਅਤੇ ਗ਼ਰੀਬ ਲੋਕ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਦਾ ਸ਼ਿਕਾਰ ਹੋਣ ਲਈ ਮਜਬੂਰ ਹਨ ।
ਕੀ ਕਹਿਣਾ ਹੈ ਐੱਸ .ਐੱਮ. ਓ .ਦਾ _ਇਸ ਸਬੰਧੀ ਐਸਐਮਓ ਸ੍ਰੀ ਗੁਰਚੇਤਨ ਪ੍ਰਕਾਸ਼ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਆਖਿਆ ਕਿ ਹਸਪਤਾਲ ਅੰਦਰ ਸਟਾਫ ਦੀ ਘਾਟ ਜ਼ਰੂਰ ਹੈ ਜਿਸ ਸਬੰਧੀ ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਲਿਖਤੀ ਤੌਰ ਤੇ ਭੇਜਿਆ ਹੋਇਆ ਹੈ ਅਤੇ ਉਨ੍ਹਾਂ ਆਖਿਆ ਕਿ ਇਕ ਸਟਾਫ ਨਰਸ ਨੂੰ ਬੁਢਲਾਡਾ ਇਸ ਲਈ ਬੁਲਾਇਆ ਗਿਆ ਹੈ ਕਿਉਂਕਿ ਇੱਥੇ ਵੱਡਾ ਹਸਪਤਾਲ ਹੋਣ ਕਾਰਨ ਮਰੀਜ਼ ਵੱਡੀ ਗਿਣਤੀ ਵਿਚ ਪਹੁੰਚ ਰਹੇ ਹਨ ।ਉਨ੍ਹਾਂ ਆਖਿਆ ਕਿ ਉਹ ਕੋਸ਼ਿਸ਼ ਕਰਨਗੇ ਕਿ ਜਲਦੀ ਤੋਂ ਜਲਦੀ ਸਟਾਫ ਪੂਰਾ ਕੀਤਾ ਜਾ ਸਕੇ ।
ਕੀ ਕਹਿਣਾ ਹਲਕਾ ਵਿਧਾਇਕ ਦਾ ?-ਇਸ ਸਬੰਧੀ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨਾਲ ਗੱਲ ਕਰਨ ਤੇ ਉਨ੍ਹਾਂ ਆਖਿਆ ਕਿ ਉਨ੍ਹਾਂ ਹਸਪਤਾਲਾਂ ਵਿਚ ਸਟਾਫ ਦੀ ਕਮੀ ਦਾ ਮੁੱਦਾ ਪਿਛਲੇ ਦਿਨੀਂ ਵਿਧਾਨ ਸਭਾ ਵਿਚ ਉਠਾਇਆ ਸੀ ਜਿਸ ਉਪਰੰਤ ਉਨ੍ਹਾਂ ਨੂੰ ਸਟਾਫ ਪੂਰਾ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਸੀ ਅਤੇ ਉਹ ਦੁਬਾਰਾ ਤੋਂ ਫਿਰ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ।ਉਨ੍ਹਾਂ ਆਖਿਆ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਸਿਹਤ ਸਮੱਸਿਆ ਨੂੰ ਹੱਲ ਕਰਕੇ ਸਰਕਾਰੀ ਸਿਹਤ ਸੇਵਾਵਾਂ ਦਾ ਪੱਧਰ ਉੱਚਾ ਕੀਤਾ ਹੈ ਇਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿਉਂ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਲੋੜੀਂਦੇ ਉਪਰਾਲੇ ਕਰੇ ।